ਲੋਕ ਸਭਾ ਚੋਣਾਂ ਦਾ ਦੂਜਾ ਗੇੜ : ਹਿੰਸਾ ਤੇ ਮਸ਼ੀਨਾਂ 'ਚ ਗੜਬੜ, 62 ਫ਼ੀ ਸਦੀ ਮਤਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੰਗਾਲ 'ਚ ਸੱਭ ਤੋਂ ਜ਼ਿਆਦਾ 75 ਫ਼ੀ ਸਦੀ ਵੋਟਿੰਗ, ਵਾਦੀ ਵਿਚ ਸੱਭ ਤੋਂ ਘੱਟ

Lok Sabha elections

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ 11 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿਚ 95 ਸੀਟਾਂ 'ਤੇ 61.12 ਫ਼ੀ ਸਦੀ ਵੋਟਾਂ ਪਈਆਂ ਹਨ। ਪਹਿਲੇ ਦੌਰ ਵਾਂਗ, ਕੁੱਝ ਥਾਈਂ ਹਿੰਸਾ ਅਤੇ ਵੋਟਿੰਗ ਮਸ਼ੀਨਾਂ ਵਿਚ ਗੜਬੜ ਹੋਣ ਦੀਆਂ ਵੀ ਖ਼ਬਰਾਂ ਹਨ। ਛੱਤੀਸਗੜ੍ਹ ਵਿਚ ਨਕਸਲੀਆਂ ਨੇ ਆਈਈਡੀ ਧਮਾਕੇ, ਪਛਮੀ ਬੰਗਾਲ ਵਿਚ ਪਥਰਾਅ ਕਰਨ ਵਾਲਿਆਂ 'ਤੇ ਪੁਲਿਸ ਗੋਲੀਬਾਰੀ ਅਤੇ ਕੁੱਝ ਥਾਵਾਂ 'ਤੇ ਵੋਟਿੰਗ ਮਸ਼ੀਨਾਂ ਵਿਚ ਗੜਬੜ ਦੀਆਂ ਸ਼ਿਕਾਇਤਾਂ ਮਿਲੀਆਂ ਹਨ। 

ਸ਼ਾਮ ਸਾਢੇ ਪੰਜ ਵਜੇ ਤਕ ਮਤਦਾਨ 61 ਫ਼ੀ ਸਦੀ ਦੇ ਪੱਧਰ ਨੂੰ ਪਾਰ ਕਰ ਗਿਆ। ਸੱਭ ਤੋਂ ਘੱਟ ਜੰਮੂ ਕਸ਼ਮੀਰ ਵਿਚ 43.37 ਫ਼ੀ ਸਦੀ ਮਤਦਾਨ ਹੋਇਆ। 70 ਫ਼ੀ ਸਦੀ ਮਤਦਾਨ ਦਾ ਅੰਕੜਾ ਪਾਰ ਕਰਨ ਵਾਲੇ ਰਾਜਾਂ ਵਿਚ ਪਛਮੀ ਬੰਗਾਲ ਤੋਂ ਇਲਾਵਾ ਪੁਡੂਚੇਰੀ, ਮਣੀਪੁਰ ਅਤੇ ਆਸਾਮ ਹਨ। ਯੂਪੀ ਦੀਆਂ ਅੱਠ ਸੀਟਾਂ 'ਤੇ 58.12 ਫ਼ੀ ਸਦੀ ਅਤੇ ਬਿਹਾਰ ਦੀਆਂ ਚਾਰ ਸੀਟਾਂ 'ਤੇ 58.14 ਫ਼ੀ ਸਦੀ ਮਤਦਾਨ ਹੋ ਚੁੱਕਾ ਸੀ। ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ 'ਤੇ ਸ਼ਾਮ ਸਾਢੇ ਪੰਜ ਵਜੇ ਤਕ 61.52 ਫ਼ੀ ਸਦੀ ਮਤਦਾਨ ਹੋਇਆ। 

ਬੰਗਾਲ ਵਿਚ ਕਈ ਥਾਈਂ ਹਿੰਸਕ ਘਟਨਾਵਾਂ ਵਾਪਰਨ ਦੇ ਬਾਵਜੂਦ ਸੱਭ ਤੋਂ ਜ਼ਿਆਦਾ 75.27 ਫ਼ੀ ਸਦੀ ਵੋਟਿੰਗ ਹੋਈ। ਰਾਜ ਦੇ ਚੋਪੜਾ ਵਿਚ ਤ੍ਰਿਣਮੂਲ ਅਤੇ ਭਾਜਪਾ ਕਾਰਕੁਨਾਂ ਵਿਚਾਲੇ ਝੜਪ ਹੋ ਗਈ ਜਿਸ ਦੌਰਾਨ ਪੋਲਿੰਗ ਬੂਥ 'ਤੇ ਈਵੀਐਮ ਟੁੱਟ ਗਈ। ਉਧਰ, ਉੜੀਸਾ ਦੇ ਗੰਜਾਮ ਵਿਚ ਵੋਟ ਪਾਉਣ ਲਈ ਕਤਾਰ ਵਿਚ ਖਲੋਤੇ 95 ਸਾਲਾ ਬਜ਼ੁਰਗ ਦੀ ਮੌਤ ਹੋ ਗਈ। 

ਉੜੀਸਾ ਵਿਚ 35 ਵਿਧਾਨ ਸਭਾ ਸੀਟਾਂ ਅਤੇ ਤਾਮਿਲਨਾਡੂ ਵਿਚ 18 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪਈਆਂ। ਤਾਮਿਲਨਾਡੂ ਵਿਚ ਕੁਲ 39 ਵਿਚੋਂ 38 ਲੋਕ ਸਭਾ ਸੀਟਾਂ 'ਤੇ ਮਤਦਾਨ ਹੋਇਆ ਜਦਕਿ ਹਾਲ ਹੀ ਵਿਚ ਡੀਐਕੇ ਨੇਤਾ ਦੇ ਭਾਈਵਾਲ ਕੋਲੋਂ ਕਥਿਤ ਤੌਰ 'ਤੇ ਨਕਦੀ ਬਰਾਮਦ ਹੋਣ ਮਗਰੋਂ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਵੇਲੋਰ ਲੋਕ ਸਭਾ ਸੀਟ 'ਤੇ ਮਤਦਾਨ ਰੱਦ ਕਰ ਦਿਤਾ ਸੀ। ਤਾਮਿਲਨਾਡੂ ਤੋਂ ਇਲਾਵਾ ਕਰਨਾਟਕ ਵਿਚ ਲੋਕ ਸਭਾ ਦੀਆਂ 14 ਸੀਟਾਂ, ਮਹਾਰਾਸ਼ਟਰ ਵਿਚ 10, ਯੂਪੀ ਵਿਚ ਅੱਠ, ਆਸਾਮ, ਬਿਹਾਰ ਅਤੇ ਉੜੀਸਾ ਵਿਚ ਪੰਜ-ਪੰਜ, ਛੱਤੀਸਗੜ੍ਹ ਅਤੇ ਪਛਮੀ ਬੰਗਾਲ ਵਿਚ ਤਿੰਨ-ਤਿੰਨ, ਜੰਮੂ ਕਸ਼ਮੀਰ ਵਿਚ ਦੋ ਅਤੇ ਮਣੀਪੁਰ ਤੇ ਪੁਡੂਚੇਰੀ ਵਿਚ ਇਕ-ਇਕ ਸੀਟ 'ਤੇ ਮਤਦਾਨ ਹੋਇਆ। ਜੰਮੂ ਕਸ਼ਮੀਰ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਵੋਟਾਂ ਪੈਣ ਦਾ ਅਮਲ ਨੇਪਰੇ ਚੜ੍ਹਿਆ। 

ਅਧਿਕਾਰੀਆਂ ਨੇ ਦਸਿਆ ਕਿ ਸ੍ਰੀਨਗਰ, ਬੜਗਾਮ ਅਤੇ ਗੰਦੇਰਬਲ ਵਿਚ ਭਾਰੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮ ਤੈਨਾਨ ਕੀਤੇ ਗਏ ਸਨ। ਛੱਤੀਸਗੜ੍ਹ ਦੇ ਰਾਜਨੰਦਗਾਂਵ ਜ਼ਿਲ੍ਹੇ ਵਿਚ ਨਕਸਲੀਆਂ ਨੇ ਧਮਾਕਾ ਕੀਤਾ ਜਿਸ ਵਿਚ ਆਈਟੀਬੀਪੀ ਦੇ ਜਵਾਨ ਨੂੰ ਮਾਮੂਲੀ ਸੱਟਾਂ ਵੱਜੀਆਂ। ਪਛਮੀ ਬੰਗਾਲ ਦੇ ਕੁੱਝ ਇਲਾਕਿਆਂ ਵਿਚ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ। ਨਿਊਜ਼ ਚੈਨਲ ਦੇ ਰੀਪੋਰਟਰ ਅਤੇ ਕੈਮਰਾਮੈਨ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ। ਇਕ ਥਾਈਂ ਵੋਟਰਾਂ ਨੇ ਸੜਕ ਜਾਮ ਕਰ ਦਿਤੀ ਅਤੇ ਮਤਦਾਨ ਕੇਂਦਰਾਂ 'ਤੇ ਕੇਂਦਰੀ ਬਲਾਂ ਦੀ ਗ਼ੈਰ-ਮੌਜੂਦਗੀ ਦੀਆਂ ਸ਼ਿਕਾਇਤਾਂ ਕੀਤੀਆਂ।

ਬਿਹਾਰ ਵਿਚ ਕੁੱਝ ਕੇਂਦਰਾਂ 'ਤੇ ਵੋਟਿੰਗ ਮਸ਼ੀਨਾਂ ਵਿਚ ਗੜਬੜ ਦੀਆਂ ਸ਼ਿਕਾਇਤਾਂ ਆਈਆਂ ਜਿਸ ਕਾਰਨ ਮਤਦਾਨ ਦੇਰ ਨਾਲ ਸ਼ੁਰੂ ਹੋਇਆ। ਯੂਪੀ ਦੀਆਂ ਅੱਠੇ ਸੀਟਾਂ 'ਤੇ ਦੁਪਹਿਰ ਇਕ ਵਜੇ ਤਕ 38 ਫ਼ੀ ਸਦੀ ਮਤਦਾਨ ਹੋ ਚੁਕਾ ਸੀ। ਆਸਾਮ ਵਿਚ ਕੁੱਝ ਕੇਂਦਰਾਂ 'ਤੇ ਵੋਟਿੰਗ ਮਸ਼ੀਨਾਂ ਵਿਚ ਗੜਬੜ ਦੀਆਂ ਸ਼ਿਕਾਇਤਾਂ ਮਿਲੀਆਂ। ਦੂਜੇ ਗੇੜ ਵਿਚ ਸਾਬਕਾ ਪ੍ਰਧਾਨ ਮੰਤਰੀ ਅਤੇ ਚਾਰ ਕੇਂਦਰੀ ਮੰਤਰੀ ਚੋਣ ਮੈਦਾਨ ਵਿਚ ਹਨ। ਭਾਜਪਾ ਅਪਣੀਆਂ 27 ਸੀਟਾਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਕਾਂਗਰਸ 2014 ਵਿਚ ਜਿੱਤੀਆਂ ਗਈਆਂ 12 ਸੀਟਾਂ ਬਚਾਉਣ ਦੀ ਜੱਦੋਜਹਿਦ ਅਤੇ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵਿਚ ਹੈ।