ਦਿੱਲੀ ਵਿਚ ਡਾਕਟਰ ਨੇ ਕੀਤੀ ਆਤਮ ਹੱਤਿਆ, ‘ਆਪ’ ਵਿਧਾਇਕ ‘ਤੇ ਲਗਾਇਆ ਧਮਕੀ ਦੇਣ ਦਾ ਇਲਜ਼ਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੱਖਣੀ ਦਿੱਲੀ ਦੇ ਦੇਵਲਈ ਇਲਾਕੇ ਵਿਚ ਅਪਣਾ ਕਲੀਨਿਕ ਚਲਾਉਣ ਵਾਲੇ ਡਾਕਟਰ ਨੇ ਸ਼ਨੀਵਾਰ ਸਵੇਰੇ ਆਤਮ ਹੱਤਿਆ ਕਰ ਲਈ।

Photo

ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਦੇਵਲਈ ਇਲਾਕੇ ਵਿਚ ਅਪਣਾ ਕਲੀਨਿਕ ਚਲਾਉਣ ਵਾਲੇ ਡਾਕਟਰ ਨੇ ਸ਼ਨੀਵਾਰ ਸਵੇਰੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ 52 ਸਾਲਾ ਡਾਕਟਰ ਰਜਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਡਾਕਟਰ ਰਜਿੰਦਰ ਸਿੰਘ ਨਿੱਜੀ ਕਲੀਨਿਕ ਦੇ ਨਾਲ-ਨਾਲ ਦਿੱਲੀ ਜਲ ਬੋਰਡ ਵਿਚ ਪਾਣੀ ਟੈਂਕਰ ਲਗਾਉਣ ਦਾ ਕਾਰੋਬਾਰ ਵੀ ਕਰਦੇ ਸਨ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਨਵਾਂ ਮੋੜ ਉਸ ਸਮੇਂ ਆਇਆ ਜਦੋਂ ਪਰਿਵਾਰ ਨੇ ਪੁਲਿਸ ਨੂੰ 3 ਪੰਨਿਆਂ ਦਾ ਨੋਟ ਦਿੱਤਾ।

ਇਸ ਵਿਚ ਮ੍ਰਿਤਕ ਡਾਕਟਰ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ਅਤੇ ਉਹਨਾਂ ਦੇ ਸਹਿਯੋਗੀ ਕਪਿਲ ਨਾਗਰ ‘ਤੇ ਧਮਕਾਉਣ ਅਤੇ ਮਾਨਸਿਕ ਅੱਤਿਆਚਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਪਰਿਵਾਰ ਦੀ ਲਿਖਤੀ ਸ਼ਿਕਾਇਤ ‘ਤੇ ਪੁਲਿਸ ਨੇ ਆਪ ਵਿਧਾਇਕ ਪ੍ਰਕਾਸ਼ ਜਾਰਵਾਲ ਅਤੇ ਉਹਨਾਂ ਦੇ ਸਾਥੀ ਕਪਿਲ ਨਾਗਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।