ਸ਼ਹੀਦ ਹੋਣ 'ਤੇ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ ਮਿਲਣਗੇ 1 ਕਰੋੜ ਰੁਪਏ, ਪਹਿਲਾਂ ਮਿਲਦੇ ਸਨ 65 ਲੱਖ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਮੁਆਵਜ਼ਾ ਰਾਸ਼ੀ ਵਿੱਚ ਵਾਧਾ ਕੀਤਾ

photo

 

ਹਰਿਆਣਾ : ਹਰਿਆਣਾ 'ਚ ਪੁਲਿਸ ਮੁਲਾਜ਼ਮ ਦੀ ਸ਼ਹਾਦਤ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਪਹਿਲਾਂ ਇਹ ਰਕਮ 65 ਲੱਖ ਰੁਪਏ ਸੀ। ਸਰਕਾਰ ਨੇ ਮੁਆਵਜ਼ਾ ਰਾਸ਼ੀ ਵਿੱਚ ਵਾਧਾ ਕੀਤਾ ਹੈ।

ਇਹ ਵਿੱਤੀ ਸਹਾਇਤਾ ਹਰਿਆਣਾ ਪੁਲਿਸ ਅਤੇ HDFC ਬੈਂਕ ਵਿਚਕਾਰ ਦੁਰਘਟਨਾ ਮੌਤ ਬੀਮਾ ਕਵਰ ਸਮਝੌਤੇ ਦੇ ਤਹਿਤ ਪ੍ਰਦਾਨ ਕੀਤੀ ਜਾਵੇਗੀ। ਇਸ ਸਬੰਧੀ ਹਰਿਆਣਾ ਪੁਲਿਸ ਭਲਾਈ ਏਆਈਜੀ ਰਾਜੀਵ ਦੇਸਵਾਲ ਨੇ ਸਾਰੇ ਐਸਪੀਜ਼ ਅਤੇ ਪੁਲਿਸ ਅਕੈਡਮੀਆਂ ਨੂੰ ਪੱਤਰ ਭੇਜਿਆ ਹੈ। ਹਰਿਆਣਾ ਪੁਲਿਸ ਨੇ ਐਚਡੀਐਫਸੀ ਬੈਂਕ ਵਿੱਚ ਆਪਣੇ ਸਾਰੇ 75 ਹਜ਼ਾਰ ਪੁਲਿਸ ਮੁਲਾਜ਼ਮਾਂ ਦੇ ਖਾਤੇ ਖੋਲ੍ਹੇ ਹਨ।

ਤਨਖਾਹ ਖਾਤੇ 'ਤੇ ਬੈਂਕ ਦੀ ਤਰਫੋਂ ਬੀਮਾ ਦਿੱਤਾ ਜਾਂਦਾ ਹੈ। ਮੁਆਵਜ਼ੇ ਦੀ ਰਕਮ ਦੀਆਂ ਸੋਧੀਆਂ ਦਰਾਂ ਅਗਲੇ ਤਿੰਨ ਸਾਲਾਂ ਲਈ ਲਾਗੂ ਹੋਣਗੀਆਂ। ਦੱਸ ਦੇਈਏ ਕਿ ਹਰਿਆਣਾ ਵਿੱਚ ਕਰੀਬ 75 ਹਜ਼ਾਰ ਪੁਲਿਸ ਮੁਲਾਜ਼ਮ ਹਨ। ਕਈ ਵਾਰ ਪੁਲਿਸ ਵਾਲੇ ਬਦਮਾਸ਼ਾਂ ਨੂੰ ਫੜਦੇ ਹੋਏ ਸ਼ਹੀਦ ਜਾਂ ਜ਼ਖਮੀ ਹੋ ਜਾਂਦੇ ਹਨ। ਇਸ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਨੇ ਤਨਖਾਹ ਪੈਕੇਜ ਨੀਤੀ ਲਈ ਐਚਡੀਐਫਸੀ ਬੈਂਕ ਨਾਲ ਸਮਝੌਤਾ ਕੀਤਾ ਹੈ।

ਪੁਲਿਸ ਵਾਲਿਆਂ ਲਈ ਇਹ ਨਵੇਂ ਮੁਆਵਜ਼ੇ ਦੀਆਂ ਦਰਾਂ ਹੋਣਗੀਆਂ

ਸ਼੍ਰੇਣੀ                                   ਪਹਿਲੀ ਰਕਮ                    ਹੁਣ ਰਕਮ
ਸ਼ਹੀਦ ਹੋਣ 'ਤੇ                          65 ਲੱਖ                        ਇਕ ਕਰੋੜ
ਹਾਦਸੇ ਵਿੱਚ ਮੌਤ                        50 ਲੱਖ                        90 ਲੱਖ
ਕੁਦਰਤੀ ਮੌਤ                            ਚਾਰ ਲੱਖ                       ਪੰਜ ਲੱਖ
ਕੁੱਲ ਅਪੰਗਤਾ                            40 ਲੱਖ                        90 ਲੱਖ

ਖਾਸ ਗੱਲ ਇਹ ਹੈ ਕਿ ਬੀਮਾ ਯੋਜਨਾ 'ਚ ਐੱਸ.ਪੀ.ਓਜ਼ (ਸਪੈਸ਼ਲ ਪੁਲਸ ਅਫਸਰ) ਅਤੇ ਠੇਕੇ 'ਤੇ ਲੱਗੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਮੁਆਵਜ਼ਾ ਰਾਸ਼ੀ 'ਚ ਵੀ ਵਾਧਾ ਕੀਤਾ ਗਿਆ ਹੈ।