Lok Sabha Elections 2024: ਪਹਿਲੇ ਪੜਾਅ ’ਚ 16% ਉਮੀਦਵਾਰਾਂ ਵਿਰੁਧ ਅਪਰਾਧਿਕ ਕੇਸ; ਸੱਤ ’ਤੇ ਕਤਲ ਦੇ ਇਲਜ਼ਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

1618 ਉਮੀਦਵਾਰਾਂ ਦੇ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ ਕੀਤਾ।

Lok Sabha Elections 2024: 16% of candidates contesting in Phase 1 accused in criminal cases

Lok Sabha Elections 2024: 19 ਅਪ੍ਰੈਲ ਨੂੰ ਪਹਿਲੇ ਪੜਾਅ 'ਚ 21 ਸੂਬਿਆਂ ਦੀਆਂ 102 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਪਹਿਲੇ ਪੜਾਅ ਵਿਚ ਦੇਸ਼ ਭਰ ਵਿਚ 1625 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ 1618 ਉਮੀਦਵਾਰਾਂ ਦੇ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ ਕੀਤਾ। ਇਸ ਦੌਰਾਨ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ।

16 ਫ਼ੀ ਸਦੀ ਉਮੀਦਵਾਰਾਂ ਖਿਲਾਫ ਅਪਰਾਧਿਕ ਮਾਮਲੇ

1618 ਉਮੀਦਵਾਰਾਂ ਵਿਚੋਂ, 251 (16%) ਨੇ ਅਪਣੇ ਵਿਰੁਧ ਅਪਰਾਧਿਕ ਮਾਮਲੇ ਦਰਜ ਹੋਣ ਦੀ ਗੱਲ ਸਵੀਕਾਰੀ ਹੈ ਜਦਕਿ 10 ਫ਼ੀ ਸਦੀ ਭਾਵ 160 ਉਮੀਦਵਾਰਾਂ ਨੇ ਹਲਫਨਾਮੇ 'ਚ ਅਪਣੇ ਖਿਲਾਫ ਗੰਭੀਰ ਅਪਰਾਧਿਕ ਮਾਮਲਿਆਂ ਦਾ ਜ਼ਿਕਰ ਕੀਤਾ ਹੈ। ਹਾਲਾਂਕਿ, ਏਡੀਆਰ ਨੇ ਸੱਤ ਉਮੀਦਵਾਰਾਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਨਹੀਂ ਕੀਤਾ ਹੈ ਕਿਉਂਕਿ ਉਹ ਸਪੱਸ਼ਟ ਨਹੀਂ ਸਨ। 14 ਉਮੀਦਵਾਰਾਂ ਨੇ ਅਪਣੇ ਵਿਰੁਧ ਦੋਸ਼ ਸਿੱਧੀ ਦਾ ਐਲਾਨ ਕੀਤਾ ਹੈ।

19 ਉਮੀਦਵਾਰਾਂ ਖਿਲਾਫ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹਨ। ਸੱਤ ਉਮੀਦਵਾਰਾਂ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ। 17 ਉਮੀਦਵਾਰਾਂ ਖਿਲਾਫ ਔਰਤਾਂ 'ਤੇ ਅੱਤਿਆਚਾਰ ਦੇ ਮਾਮਲੇ ਦਰਜ ਹਨ। ਪਹਿਲੇ ਪੜਾਅ ਦੇ 35 ਉਮੀਦਵਾਰਾਂ ਖਿਲਾਫ ਭੜਕਾਊ ਭਾਸ਼ਣ ਦੇ ਮਾਮਲੇ ਦਰਜ ਹਨ। ਉਨ੍ਹਾਂ ਨੇ ਹਲਫਨਾਮੇ 'ਚ ਇਸ ਗੱਲ ਦਾ ਐਲਾਨ ਕੀਤਾ ਹੈ।

ਕਿਸ ਪਾਰਟੀ ਦੇ ਕਿੰਨੇ ਉਮੀਦਵਾਰਾਂ ਖਿਲਾਫ ਅਪਰਾਧਿਕ ਮਾਮਲੇ?

ਪਹਿਲੇ ਪੜਾਅ 'ਚ ਚੋਣ ਲੜ ਰਹੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਚਾਰ ਉਮੀਦਵਾਰਾਂ (100%) 'ਚੋਂ ਚਾਰ 'ਤੇ ਅਪਰਾਧਿਕ ਮਾਮਲੇ ਦਰਜ ਹਨ। ਦ੍ਰਵਿੜ ਮੁਨੇਤਰ ਕੜਗਮ (DMK) ਦੇ 22 ਵਿਚੋਂ 13 (59%), ਸਮਾਜਵਾਦੀ ਪਾਰਟੀ (SP) ਦੇ ਸੱਤ ਵਿਚੋਂ ਤਿੰਨ (43%), ਭਾਜਪਾ ਨੂੰ 77 ਵਿਚੋਂ 28 (36%), AIADMK ਨੂੰ 36 ਵਿਚੋਂ 13, ਕਾਂਗਰਸ ਦੇ 56 ਵਿਚੋਂ 19 (34%) ਉਮੀਦਵਾਰਾਂ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ 86 ਵਿਚੋਂ 11 (13%) ਉਮੀਦਵਾਰਾਂ ਨੇ ਅਪਣੇ ਹਲਫ਼ਨਾਮਿਆਂ ਵਿਚ ਅਪਰਾਧਿਕ ਮਾਮਲਿਆਂ ਦਾ ਜ਼ਿਕਰ ਕੀਤਾ ਹੈ।

ਕਿਸ ਪਾਰਟੀ 'ਚ ਕਿੰਨੇ ਕਰੋੜਪਤੀ?

ਪਹਿਲੇ ਪੜਾਅ ਦੇ 1618 ਉਮੀਦਵਾਰਾਂ ਵਿਚੋਂ 450 ਕਰੋੜਪਤੀ ਹਨ। ਪ੍ਰਤੀਸ਼ਤ ਵਿਚ ਇਹ ਅੰਕੜਾ 28% ਬਣਦਾ ਹੈ। ਰਾਸ਼ਟਰੀ ਜਨਤਾ ਦਲ ਦੇ ਚਾਰੇ ਉਮੀਦਵਾਰ ਕਰੋੜਪਤੀ ਹਨ। AIADMK ਦੇ 36 ਵਿਚੋਂ 35 (97%), DMK ਦੇ 22 ਵਿਚੋਂ 21 (96%), ਭਾਜਪਾ ਦੇ 77 ਵਿਚੋਂ 69 (90%), ਕਾਂਗਰਸ ਦੇ 56 ਵਿਚੋਂ 49 (88%) ਅਤੇ ਬਸਪਾ ਦੇ 86 ਵਿਚੋਂ 18 (21 ਫ਼ੀ ਸਦੀ) ਉਮੀਦਵਾਰ ਕਰੋੜ ਪਤੀ ਹਨ।

ਪਹਿਲੇ ਪੜਾਅ ਦੀਆਂ 42 ਫ਼ੀ ਸਦੀ ਸੀਟਾਂ ਸੰਵੇਦਨਸ਼ੀਲ

ਪਹਿਲੇ ਪੜਾਅ ਦੀਆਂ 42 ਫ਼ੀ ਸਦੀ ਸੀਟਾਂ ਸੰਵੇਦਨਸ਼ੀਲ ਹਨ। ਭਾਵ 102 ਸੀਟਾਂ ਵਿਚੋਂ 42 ਨੂੰ ਸੰਵੇਦਨਸ਼ੀਲ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਥੇ ਤਿੰਨ ਜਾਂ ਇਸ ਤੋਂ ਵੱਧ ਉਮੀਦਵਾਰਾਂ ਨੇ ਅਪਣੇ ਵਿਰੁਧ ਦਰਜ ਅਪਰਾਧਿਕ ਕੇਸ ਦਾ ਐਲਾਨ ਕੀਤਾ ਹੈ।

ਇਨ੍ਹਾਂ ਉਮੀਦਵਾਰਾਂ ਕੋਲ ਸਭ ਤੋਂ ਵੱਧ ਜਾਇਦਾਦ

ਮੱਧ ਪ੍ਰਦੇਸ਼ ਦੀ ਛਿੰਦਵਾੜਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਨਕੁਲ ਨਾਥ ਪਹਿਲੇ ਪੜਾਅ ਵਿਚ ਸੱਭ ਤੋਂ ਵੱਧ ਜਾਇਦਾਦ ਵਾਲੇ ਉਮੀਦਵਾਰ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 716 ਕਰੋੜ ਰੁਪਏ ਤੋਂ ਵੱਧ ਹੈ। ਤਾਮਿਲਨਾਡੂ ਦੀ ਇਰੋਡ ਲੋਕ ਸਭਾ ਸੀਟ ਤੋਂ AIADMK ਉਮੀਦਵਾਰ ਅਸ਼ੋਕ ਕੁਮਾਰ ਦੂਜੇ ਸਥਾਨ 'ਤੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 662 ਕਰੋੜ ਰੁਪਏ ਹੈ। ਤਾਮਿਲਨਾਡੂ ਦੀ ਸ਼ਿਵਗੰਗਈ ਸੀਟ ਤੋਂ ਭਾਜਪਾ ਉਮੀਦਵਾਰ ਦੇਵਨਾਥਨ ਯਾਦਵ 304 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨਾਲ ਤੀਜੇ ਸਥਾਨ 'ਤੇ ਹਨ।

ਇਨ੍ਹਾਂ ਉਮੀਦਵਾਰਾਂ ਕੋਲ ਸਭ ਤੋਂ ਘੱਟ ਜਾਇਦਾਦ

ਥੂਥੂਕੁਡੀ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਪੋਨਰਾਜ ਕੇ. ਨੇ 320, ਮਹਾਰਾਸ਼ਟਰ ਦੇ ਰਾਮਟੇਕ ਤੋਂ ਆਜ਼ਾਦ ਉਮੀਦਵਾਰ ਕਾਰਤਿਕ ਗੇਂਡਲਾਲਜੀ ਡੋਕੇ ਨੇ ਅਪਣੀ ਕੁੱਲ ਜਾਇਦਾਦ 500 ਰੁਪਏ ਦੱਸੀ ਹੈ ਅਤੇ ਤਾਮਿਲਨਾਡੂ ਦੀ ਚੇਨਈ ਉੱਤਰੀ ਸੀਟ ਤੋਂ ਆਜ਼ਾਦ ਉਮੀਦਵਾਰ ਸੂਰਿਆਮੁਥੂ ਨੇ ਅਪਣੀ ਕੁੱਲ ਜਾਇਦਾਦ 500 ਰੁਪਏ ਦੱਸੀ ਹੈ।

(For more Punjabi news apart from Lok Sabha Elections 2024: 16% of candidates contesting in Phase 1 accused in criminal cases, stay tuned to Rozana Spokesman)