ਹਰਿਆਣਾ ਪੁਲਿਸ ਨੇ ਬਿਸ਼ਨੋਈ ਗੈਂਗ ਦੇ 4 ਸ਼ੂਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ੂਟਰਾਂ ਕੋਲੋਂ 4 ਬੁਲੇਟ ਪਰੂਫ ਜੈਕਟ, 4 ਬੁਲੇਟ ਪਰੂਫ ਹੈਲਮੇਟ, 1 ਦੇਸੀ ਪਿਸਤੌਲ, 16 ਕਾਰਤੂਸ, 1 ਵਾਈਫਾਈ ਡੌਂਗਲ ਬਰਾਮਦ

photo

 

ਰੋਹਤਕ : ਹਰਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਕੋਲੋਂ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਪੁਲਿਸ ਨੇ ਅੱਜ ਚਾਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅੰਕਿਤ ਉਰਫ਼ ਧੌਲੀਆ ਅਤੇ ਅਜੇ ਉਰਫ਼ ਭੋਲਾ ਵਾਸੀ ਡੰਡਮਾ, ਆਸ਼ੂਰਾਜ ਉਰਫ਼ ਲੱਕੀ ਵਾਸੀ ਦਵਾਰਕਾ ਅਤੇ ਰਵਿੰਦਰ ਉਰਫ਼ ਮਿੰਟੂ ਵਾਸੀ ਦਬਧਾਨੀ ਜ਼ਿਲ੍ਹਾ ਭਿਵਾਨੀ ਵਜੋਂ ਹੋਈ ਹੈ।

ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਬਧਰਾ ਦੇ ਬੱਸ ਸਟੈਂਡ 'ਤੇ ਪੁਲਿਸ ਦੀ ਇੱਕ ਟੀਮ ਤਾਇਨਾਤ ਕੀਤੀ ਗਈ ਸੀ। ਇਕ ਕਾਰ ਵਿਚ ਚਾਰ ਵਿਅਕਤੀਆਂ ਦੇ ਨਾਜਾਇਜ਼ ਹਥਿਆਰਾਂ ਸਮੇਤ ਘੁੰਮਣ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਛਾਪਾ ਮਾਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਮੁੱਢਲੀ ਜਾਂਚ ਦੌਰਾਨ ਮੁਲਜ਼ਮ ਅੰਕਿਤ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਗੈਂਗਸਟਰ ਨਰੇਸ਼ ਸੇਠੀ ਦੇ ਭਤੀਜੇ ਅਕਸ਼ੈ ਨਾਲ ਜੇਲ੍ਹ ਵਿੱਚ ਹੋਈ ਸੀ। ਅਕਸ਼ੈ ਅਤੇ ਸੇਠੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ। ਫੜੇ ਗਏ ਵਿਅਕਤੀਆਂ ਕੋਲੋਂ 4 ਬੁਲੇਟ ਪਰੂਫ ਜੈਕਟ, 4 ਬੁਲੇਟ ਪਰੂਫ ਹੈਲਮੇਟ, 1 ਦੇਸੀ ਪਿਸਤੌਲ, 16 ਕਾਰਤੂਸ, 1 ਮੋਬਾਈਲ ਫੋਨ ਅਤੇ 1 ਵਾਈਫਾਈ ਡੌਂਗਲ ਬਰਾਮਦ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੈ। ਪੁਲਿਸ ਨੇ ਦੱਸਿਆ ਕਿ ਚਾਰੋਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। ਉਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ,