ਟੈਲੀਕਾਮ ਵਿਭਾਗ ਨੇ ਪੰਜਾਬ, ਚੰਡੀਗੜ੍ਹ, ਪੰਚਕੂਲਾ 'ਚ ਫੜੇ 1.88 ਲੱਖ ਫਰਜ਼ੀ ਕੁਨੈਕਸ਼ਨ
ਪੰਜਾਬ ਅਤੇ ਆਸ ਪਾਸ ਦੇ ਖੇਤਰਾਂ ਵਿਚ ਸੰਚਾਲਿਤ ਕੁੱਲ 188,460 ਧੋਖਾਧੜੀ ਵਾਲੇ ਸਿਮ ਡਿਸਕਨੈਕਟ ਕੀਤੇ ਹਨ
ਚੰਡੀਗੜ੍ਹ : ਭੋਲੇ ਭਾਲੇ ਵਿਅਕਤੀਆਂ ਨੂੰ ਧੋਖਾ ਦੇਣ ਲਈ ਜਾਅਲੀ ਸਿਮ ਕਾਰਡਾਂ ਦੀ ਵਰਤੋਂ ਕਰਨ ਵਾਲੇ ਸਾਈਬਰ ਕ੍ਰਾਈਮ 'ਤੇ ਇੱਕ ਵੱਡੀ ਕਾਰਵਾਈ ਕਰਦਿਆਂ, ਪੰਜਾਬ ਲਾਇਸੈਂਸ ਸੇਵਾ ਖੇਤਰ (ਐਲਐਸਏ) ਵਿਚ ਦੂਰਸੰਚਾਰ ਸੇਵਾ ਪ੍ਰਦਾਤਾਵਾਂ (ਟੀਐਸਪੀ) ਨੇ ਪੰਜਾਬ ਅਤੇ ਆਸ ਪਾਸ ਦੇ ਖੇਤਰਾਂ ਵਿਚ ਸੰਚਾਲਿਤ ਕੁੱਲ 188,460 ਧੋਖਾਧੜੀ ਵਾਲੇ ਸਿਮ ਡਿਸਕਨੈਕਟ ਕੀਤੇ ਹਨ।
ਇਨ੍ਹਾਂ ਸਿਮਾਂ ਦੀ ਵਰਤੋਂ ਜਾਅਲੀ ਬੈਂਕਿੰਗ, ਵਪਾਰ ਅਤੇ ਹੋਰ ਵਿੱਤੀ ਲੈਣ-ਦੇਣ ਦੇ ਘੁਟਾਲਿਆਂ ਲਈ ਕੀਤੀ ਜਾਣ ਦਾ ਸ਼ੱਕ ਸੀ। ਇਸ ਤੋਂ ਇਲਾਵਾ ਅਜਿਹੇ ਕਈ ਸਿਮ ਕਾਰਡ ਲੋਕਾਂ ਨੂੰ ਧੋਖਾ ਦੇਣ ਲਈ ਵਟਸਐਪ ਵਰਗੇ ਮੈਸੇਜਿੰਗ ਪਲੇਟਫਾਰਮਾਂ ਦੀ ਵਰਤੋਂ ਕਰ ਕੇ ਦੂਜੇ ਰਾਜਾਂ ਵਿਚ ਚਲਾਏ ਜਾ ਰਹੇ ਸਨ।
ਟੈਲੀਕਾਮ ਵਿਭਾਗ ਦੇ ਫੀਲਡ ਆਫਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਸਿਮ ਕਾਰਡਾਂ ਦੀ ਅਜਿਹੀ ਧੋਖਾਧੜੀ ਨਾਲ ਐਕਟੀਵੇਸ਼ਨ ਵਿਚ ਸ਼ਾਮਲ ਸਾਰੇ ਧੋਖਾਧੜੀ ਵਾਲੇ ਪੁਆਇੰਟ ਆਫ ਸੇਲ (ਪੀਓਐਸ) ਨੂੰ ਦੂਰਸੰਚਾਰ ਸੇਵਾ ਪ੍ਰਦਾਤਾ (ਟੀਐਸਪੀ) ਦੁਆਰਾ ਉਨ੍ਹਾਂ ਦੇ ਨੈਟਵਰਕ ਵਿਚ ਬਲੈਕਲਿਸਟ ਕਰ ਦਿਤਾ ਗਿਆ ਹੈ ਅਤੇ ਪੁਲਿਸ ਵਿਚ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।
ਪੰਜਾਬ ਐਲਐਸਏ ਨੇ ਕਿਹਾ ਕਿ ਉਪਲਬਧ ਅੰਕੜਿਆਂ ਅਨੁਸਾਰ, ਮਈ ਤੱਕ, ਉਨ੍ਹਾਂ ਦੇ ਨੈਟਵਰਕ ਵਿਚ (ਟੀਐਸਪੀ) ਦੁਆਰਾ 1,693 ਪੀਓਐਸ ਨੂੰ ਬਲੈਕਲਿਸਟ ਕੀਤਾ ਗਿਆ ਹੈ ਅਤੇ ਸਾਰੇ ਜ਼ਿਲ੍ਹਿਆਂ ਵਿਚ 1,248 ਧੋਖਾਧੜੀ ਕਰਨ ਵਾਲੇ ਪੀਓਐਸ ਵਿਰੁੱਧ 69 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।
ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਪੀਓਐਸ ਆਪਰੇਟਰਾਂ ਤੋਂ ਉਨ੍ਹਾਂ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਅਤੇ ਉਨ੍ਹਾਂ ਲੋਕਾਂ ਨੂੰ ਫੜਨ ਲਈ ਪੁੱਛਗਿੱਛ ਕਰੇਗੀ ਜੋ ਕਥਿਤ ਧੋਖਾਧੜੀ ਵਾਲੇ ਸਿਮ ਦੀ ਵਰਤੋਂ ਕਰ ਰਹੇ ਸਨ।
ਇਨ੍ਹਾਂ ਅਸੰਗਤੀਆਂ ਨੂੰ ਟੂਲ ਰਾਹੀਂ ਟਰੈਕ ਕੀਤਾ ਗਿਆ ਸੀ, ਜਿਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਫੇਸ਼ੀਅਲ ਰਿਕੋਗਨੀਸ਼ਨ ਪਾਵਰਡ ਸਲਿਊਸ਼ਨ ਫਾਰ ਟੈਲੀਕਾਮ ਸਿਮ ਸਬਸਕ੍ਰਾਈਬਰ ਵੈਰੀਫਿਕੇਸ਼ਨ (ਏਐਸਟੀਆਰ) ਕਿਹਾ ਜਾਂਦਾ ਹੈ। ਇਹ ਦੂਰਸੰਚਾਰ ਵਿਭਾਗ (DoT) ਦੁਆਰਾ ਉਹਨਾਂ ਵਿਅਕਤੀਆਂ ਦਾ ਪਤਾ ਲਗਾਉਣ ਲਈ ਵਿਕਸਤ ਕੀਤਾ ਗਿਆ ਹੈ ਜਿਨ੍ਹਾਂ ਨੇ 9 ਤੋਂ ਵੱਧ ਮੋਬਾਈਲ ਕਨੈਕਸ਼ਨਾਂ ਨੂੰ ਰਜਿਸਟਰ ਕੀਤਾ ਹੈ - ਵਰਤਮਾਨ ਵਿਚ ਅਧਿਕਤਮ ਮਨਜ਼ੂਰ - ਇਹ ਪੁਸ਼ਟੀ ਕਰਨ ਲਈ ਕਿ ਕੀ ਉਹ ਜਾਇਜ਼ ਸਾਧਨਾਂ ਦੀ ਵਰਤੋਂ ਕਰਕੇ ਬਣਾਏ ਗਏ ਹਨ।
ਦੂਰਸੰਚਾਰ ਵਿਭਾਗ ਨੇ ASTR ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਪਾਇਆ ਹੈ ਕਿ ਕੁੱਲ 151,545 ਗਾਹਕਾਂ ਨੂੰ ਵੱਖ-ਵੱਖ ਨਾਵਾਂ ਅਤੇ ਪਤੇ ਵਾਲੇ 14,282 ਵਿਅਕਤੀਆਂ ਦੀਆਂ ਤਸਵੀਰਾਂ ਦੀ ਵਰਤੋਂ ਕਰਕੇ ਸਿਮ ਕਾਰਡ ਜਾਰੀ ਕੀਤੇ ਗਏ ਸਨ, ਜਿਸਦਾ ਮਤਲਬ ਹੈ ਕਿ 100 ਤੋਂ ਵੱਧ ਵਿਅਕਤੀਆਂ ਦੀ ਤਸਵੀਰ ਅਤੇ ਦਸਤਾਵੇਜ਼ ਵੱਖ-ਵੱਖ ਨਾਵਾਂ ਨਾਲ ਵਰਤੇ ਗਏ ਸਨ।
ਵਿਭਾਗ ਦੀ ਜਾਂਚ ਵਿਚ ਅੱਗੇ ਪਾਇਆ ਗਿਆ ਹੈ ਕਿ 7,542 ਪੀਓਐਸ 192,075 ਫਰਜ਼ੀ ਸਿਮ ਕਾਰਡ ਵੇਚਣ ਵਿਚ ਸ਼ਾਮਲ ਸਨ।