ਨੀਤੀ ਕਮਿਸ਼ਨ ਰਾਜਾਂ ਲਈ ਕੱਖ ਨਹੀਂ ਕਰਦਾ : ਮਮਤਾ
ਨੀਤੀ ਆਯੋਗ ਦੀ ਸੰਚਾਲਨ ਪਰਿਸ਼ਦ ਦੀ ਬੈਠਕ ਵਿਚ ਵਿਰੋਧੀ ਪਾਰਟੀਆਂ ਦੀ ਏਕਤਾ ਵੇਖਣ ਨੂੰ ਮਿਲੀ। ਬੈਠਕ ਵਿਚ ਗ਼ੈਰ-ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਨੇ ਜ਼ੋਰ...
ਨਵੀਂ ਦਿੱਲੀ : ਨੀਤੀ ਆਯੋਗ ਦੀ ਸੰਚਾਲਨ ਪਰਿਸ਼ਦ ਦੀ ਬੈਠਕ ਵਿਚ ਵਿਰੋਧੀ ਪਾਰਟੀਆਂ ਦੀ ਏਕਤਾ ਵੇਖਣ ਨੂੰ ਮਿਲੀ। ਬੈਠਕ ਵਿਚ ਗ਼ੈਰ-ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਨੂੰ ਸਹਿਕਾਰੀ ਸੰਘਵਾਦ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਰਾਜਾਂ ਦੇ ਮਾਮਲੇ ਵਿਚ ਗ਼ੈਰ-ਜ਼ਰੂਰੀ ਦਖ਼ਲ ਨਹੀਂ ਦੇਣਾ ਚਾਹੀਦਾ।
ਕੇਂਦਰੀ ਧਨ ਦੀ ਵੰਡ ਅਤੇ 15ਵੇਂ ਵਿੱਤ ਆਯੋਗ ਦੀ ਰੀਪੋਰਟ ਜਿਹੇ ਮੁੱਦਿਆਂ 'ਤੇ ਮੋਦੀ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਚੁੱਕੀਆਂ ਵਿਰੋਧੀ ਪਾਰਟੀਆਂ ਦੇ ਮੁੱਖ ਮੰਤਰੀਆਂ ਨੇ ਐਨਡੀਏ ਸਰਕਾਰ ਵਿਰੁਧ ਸੰਵਿਧਾਨ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੈਠਕ ਮਗਰੋਂ ਕਿਹਾ, 'ਮੇਰੇ ਖ਼ਿਆਲ ਵਿਚ ਕੇਂਦਰ ਨੂੰ ਸਹਿਕਾਰੀ ਸੰਘਵਾਦ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਰਾਜਾਂ ਦੇ ਮਾਮਲੇ ਵਿਚ ਬੇਲੋੜਾ ਦਖ਼ਲ ਦੇਣਾ ਬੰਦ ਕਰਨਾ ਚਾਹੀਦਾ ਹੈ।
ਕੇਂਦਰ ਸਹਿਕਾਰੀ ਸੰਘੀ ਢਾਂਚੇ ਨੂੰ ਮਜ਼ਬੂਤ ਕਰੇ।' ਆਂਧਰਾ ਪ੍ਰਦੇਸ਼, ਕੇਰਲਾ ਅਤੇ ਕਰਨਾਟਕ ਜਿਹੇ ਰਾਜਾਂ ਦੇ ਮੁੱਖ ਮੰਤਰੀਆਂ ਨੇ ਕਿਸਾਨਾਂ ਨੂੰ ਖੇਤੀ ਕਰਜ਼ਾ ਮਾਫ਼ੀ ਦਾ ਮੁੱਦਾ ਚੁਕਿਆ। ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਅਪਣੇ ਭਾਸ਼ਨ ਵਿਚ ਇਸ ਯੋਜਨਾ ਨੂੰ ਲਾਗੂ ਕਰਨ ਵਾਸਤੇ ਕੇਂਦਰ ਵਲੋਂ 50 ਫ਼ੀ ਸਦੀ ਮਦਦ ਦੀ ਮੰਗ ਕੀਤੀ।
15ਵੇਂ ਵਿੱਤ ਆਯੋਗ ਦੇ ਮਸਲੇ 'ਤੇ ਵਿਰੋਧੀ ਪਾਰਟੀਆਂ ਦੇ ਮੁੱਖ ਮੰਤਰੀਆਂ ਨੇ ਅਪਣੇ ਖ਼ਦਸ਼ੇ ਪ੍ਰਗਟ ਕੀਤੇ ਅਤੇ ਕੇਂਦਰ ਨੂੰ ਇਸ ਦੀਆਂ ਸ਼ਰਤਾਂ ਨਵੇਂ ਸਿਰਿਉਂ ਪਰਿਭਾਸ਼ਤ ਕਰਨ ਲਈ ਕਿਹਾ। ਮਮਤਾ ਬੈਨਰਜੀ ਨੇ ਨੀਤੀ ਆਯੋਗ ਵਿਰੁਧ ਆਵਾਜ਼ ਉਠਾਉਂਦਿਆਂ ਕਿਹਾ ਕਿ ਇਹ ਰਾਜਾਂ ਲਈ ਕੁੱਝ ਨਹੀਂ ਕਰਦਾ। (ਏਜੰਸੀ)