ਮੋਦੀ ਦੇ ਕੰਟਰੋਲ ਵਾਲੀ ਪੁਲਿਸ 'ਚ ਵੜੀ '1984 ਦੀ ਪੁਲਿਸ' ਵਾਲੀ ਆਤਮਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਇਆਪੁਰੀ ਸੀਲਿੰਗ ਦੌਰਾਨ ਵੀ ਦਿਸੀ ਸੀ ਸਿੱਖਾਂ ਪ੍ਰਤੀ ਪੁਲਿਸ ਦੀ ਕਰੂਰਤਾ

When Modi Government's Police Behaaved like police of 1984

ਦਿੱਲੀ ਦੇ ਮੁਖ਼ਰਜੀ ਨਗਰ ਵਿਚ ਪੁਲਿਸ ਵੱਲੋਂ ਸਿੱਖ ਪਿਓ-ਪੁੱਤ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦੀ ਘਟਨਾ ਨੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਖ਼ਾਸ ਤੌਰ 'ਤੇ 1984 ਦਾ ਦਰਦ ਹੰਢਾਉਣ ਵਾਲੇ ਸਿੱਖਾਂ ਵਿਚ ਇਸ ਘਟਨਾ ਨੂੰ ਲੈ ਕੇ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਜਿਸ ਤਰੀਕੇ ਨਾਲ ਸੜਕ 'ਤੇ ਸ਼ਰ੍ਹੇਆਮ ਦੋਵੇਂ ਸਿੱਖ ਪਿਓ-ਪੁੱਤਰ ਨੂੰ ਦਿੱਲੀ ਪੁਲਿਸ ਨੇ ਘਸੀਟ-ਘਸੀਟ ਕੇ ਕੁੱਟਿਆ ਉਸ ਨੇ ਵਾਕਈ 84 ਦੇ ਭਿਆਨਕ ਮੰਜ਼ਰ ਨੂੰ ਦਰਸਾ ਦਿੱਤਾ। 84 ਵੇਲੇ ਵੀ ਇਵੇਂ ਹੀ ਸਿੱਖਾਂ ਨੂੰ ਸੜਕਾਂ 'ਤੇ ਕੋਹ-ਕੋਹ ਕੇ ਮਾਰਿਆ ਗਿਆ ਸੀ। ਦੇਖੋ ਵੀਡੀਓ.....

84 ਮਗਰੋਂ ਮੁੜ ਤੋਂ ਸੰਭਲੇ ਦਿੱਲੀ ਦੇ ਸਿੱਖਾਂ ਨੇ ਬਿਨਾਂ ਕਿਸੇ ਭੇਦਭਾਵ ਤੋਂ ਹਮੇਸ਼ਾਂ ਸਮੁੱਚੀ ਲੋਕਾਈ ਦੀ ਭਲਾਈ ਵਾਲੇ ਕੰਮ ਕੀਤੇ ਹਨ। ਭੁੱਖਿਆਂ ਲਈ ਲੰਗਰ ਲਗਾਉਣਾ, ਪਿਆਸਿਆਂ ਨੂੰ ਪਾਣੀ ਪਿਲਾਉਣਾ ਅਤੇ ਮਜ਼ਲੂਮਾਂ ਦੀ ਮਦਦ ਕਰਨਾ ਤਾਂ ਜਿਵੇਂ ਸਿੱਖਾਂ ਦੇ ਖ਼ੂਨ ਵਿਚ ਰਚਿਆ ਹੋਵੇ ਪਰ ਫਿਰ ਵੀ ਪਤਾ ਨਹੀਂ ਸਿੱਖਾਂ ਨੂੰ ਇੰਨੀਆਂ ਨਫ਼ਰਤ ਭਰੀਆਂ ਨਜ਼ਰਾਂ ਨਾਲ ਕਿਉਂ ਦੇਖਿਆ ਜਾਂਦਾ ਹੈ ਕਿਉਂ ਸਿੱਖਾਂ 'ਤੇ ਇੰਨੇ ਜ਼ੁਲਮ ਢਾਏ ਜਾਂਦੇ ਹਨ। ਇਸ ਘਟਨਾ ਨੂੰ ਲੈ ਕੇ ਹੁਣ ਭਾਵੇਂ ਕਿੰਨੀਆਂ ਹੀ ਕਾਰਵਾਈਆਂ ਹੋਈ ਜਾਣ ਪਰ ਇਸ ਨੇ ਇਕ ਗੱਲ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕਰ ਦਿੱਤੀ ਹੈ ਕਿ ਕੇਂਦਰ ਵਿਚ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਜਾਂ ਫਿਰ ਭਾਜਪਾ ਦੀ ਕੋਈ ਸਿੱਖਾਂ ਦੀ ਮਦਦ ਕਰਨ ਵਾਲੀ ਨਹੀਂ।

84 ਵੇਲੇ ਦਿੱਲੀ ਪੁਲਿਸ ਕਾਂਗਰਸ ਦੇ ਅਧੀਨ ਸੀ ਅਤੇ ਹੁਣ ਭਾਜਪਾ ਦੇ ਅਧੀਨ ਹੈ। ਪਹਿਲਾਂ ਮਾਇਆਪੁਰੀ ਸੀਲਿੰਗ ਦੀ ਘਟਨਾ ਦੌਰਾਨ ਵੀ ਦਿੱਲੀ ਪੁਲਿਸ ਅਤੇ ਸੁਰੱਖਿਆ ਬਲਾਂ ਦਾ ਸਿੱਖਾਂ ਪ੍ਰਤੀ ਰਵੱਈਆ ਸਾਹਮਣੇ ਆ ਚੁੱਕਾ ਹੈ। ਜਦੋਂ ਸੁਰੱਖਿਆ ਬਲਾਂ ਨੇ ਸ਼ਾਂਤਮਈ ਖੜ੍ਹੇ ਸਿੱਖਾਂ ਦੀਆਂ ਛਾਤੀਆਂ ਵਿਚ ਲੱਤਾਂ ਮਾਰੀਆਂ ਸਨ। ਸਮੇਂ-ਸਮੇਂ ਸਿੱਖਾਂ ਨਾਲ ਵਾਪਰਦੀਆਂ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਨੂੰ ਦੇਖ ਕੇ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਖ ਅਜੇ ਵੀ ਦਿੱਲੀ ਵਿਚ ਸੁਰੱਖਿਅਤ ਨਹੀਂ ਬਲਕਿ ਹੁਣ ਤਾਂ ਹਾਲਾਤ ਇਹ ਨੇ ਕਿ ਸਿੱਖਾਂ ਦੀ ਹਮਾਇਤ ਕਰਨ ਦੇ ਦਾਅਵੇ ਕਰਨ ਵਾਲੇ ਮੋਹਰੀ ਸਿੱਖ ਆਗੂਆਂ 'ਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਵੀ ਮਹਿਜ਼ ਵੋਟ ਬੈਂਕ ਖ਼ਾਤਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਨਜ਼ਰ ਆਉਂਦੇ ਹਨ।

ਘਟਨਾ ਭਾਵੇਂ ਕਿੰਨੀ ਹੀ ਗੰਭੀਰ ਕਿਉਂ ਨਾ ਹੋਵੇ। ਮੂਹਰਲੇ ਆਗੂ ਅਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੰਦੇ ਹਨ। ਹੋਰ ਤਾਂ ਹੋਰ ਧਰਨੇ ਮੁਜ਼ਾਹਰੇ ਵਾਲੀਆਂ ਥਾਵਾਂ 'ਤੇ ਵੀ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਦਿੱਲੀ ਪੁਲਿਸ ਦਾ ਕੰਟਰੋਲ ਕੇਂਦਰ ਦੀ ਮੋਦੀ ਸਰਕਾਰ ਦੇ ਹੱਥ ਵਿਚ ਹੈ ਜੋ 84 ਪੀੜਤ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੀਆਂ ਗੱਲਾਂ ਕਰਦੀ ਹੈ ਪਰ ਜੋ ਕੁੱਝ ਸਿੱਖਾਂ ਨਾਲ ਦੇਸ਼ ਵਿਚ ਵਾਪਰ ਰਿਹਾ ਹੈ। ਉਹ ਸਭ ਦੇ ਸਾਹਮਣੇ ਹੈ।

ਭਾਜਪਾ ਦੇ ਦਾਅਵਿਆਂ ਵਿਚੋਂ ਵੀ ਸਿਆਸਤ ਦੀ ਬੋਅ ਆਉਂਦੀ ਹੈ ਕਿਉਂਕਿ ਇਕ ਪਾਸੇ ਤਾਂ ਭਾਜਪਾ 84 ਪੀੜਤ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਆਖਦੀ ਹੈ ਅਤੇ ਦੂਜੇ ਪਾਸੇ ਉਸੇ ਦੀ ਪੁਲਿਸ ਸਿੱਖਾਂ 'ਤੇ ਤਸ਼ੱਦਦ ਢਾਅ ਰਹੀ ਹੈ। ਦਿੱਲੀ ਪੁਲਿਸ ਵਲੋਂ ਸਿੱਖ ਪਿਓ-ਪੁੱਤ ਨਾਲ ਕੀਤੀ ਗਈ ਕੁੱਟਮਾਰ ਨੂੰ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਭਾਜਪਾ ਦੇ ਕੰਟਰੋਲ ਵਾਲੀ ਦਿੱਲੀ ਪੁਲਿਸ ਵਿਚ ਵੀ 1984 ਦੀ ਪੁਲਿਸ ਵਾਲੀ ਆਤਮਾ ਪ੍ਰਵੇਸ਼ ਕਰ ਗਈ ਹੋਵੇ।