ਦੇਸ਼ ਦੇ ਇਸ ਸ਼ਹਿਰ ਵਿਚ ਵਿਕ ਰਿਹਾ ਹੈ ਸਭ ਤੋਂ ਸਸਤਾ ਪੈਟਰੋਲ-ਡੀਜ਼ਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਸਿਲਸਿਲਾ ਜਾਰੀ ਹੈ। 12 ਦਿਨ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 7 ਰੁਪਏ ਤੱਕ ਵਧ ਗਈਆਂ ਹਨ

Petrol-Diesel

ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਸਿਲਸਿਲਾ ਜਾਰੀ ਹੈ। 12 ਦਿਨ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 7 ਰੁਪਏ ਤੱਕ ਵਧ ਗਈਆਂ ਹਨ ਪਰ ਦੇਸ਼ ਵਿਚ ਇਕ ਅਜਿਹਾ ਸੂਬਾ ਵੀ ਹੈ ਜਿੱਥੇ ਇਸ ਸਮੇਂ ਸਭ ਤੋਂ ਸਸਤਾ ਪੈਟਰੋਲ ਵਿਕ ਰਿਹਾ ਹੈ। 

ਦਰਅਸਲ ਦੇਸ਼ ਦੇ ਦੱਖਣੀ ਹਿੱਸੇ ਵਿਚ ਕਈ ਟਾਪੂਆਂ ਤੋਂ ਬਣੇ ਅੰਡੇਮਾਨ ਨਿਕੋਬਾਰ ਦੀ ਰਾਜਧਾਨੀ ਪੋਰਟ ਬਲੇਅਰਸ ਵਿਚ ਇਕ ਲੀਟਰ ਪੈਟਰੋਲ ਦੀ ਕੀਮਤ ਸਿਰਫ 65.70 ਰੁਪਏ ਅਤੇ ਡੀਜ਼ਲ ਦੀ ਕੀਮਤ 64.45 ਰੁਪਏ ਹੈ। ਇੱਥੇ ਸਭ ਤੋਂ ਘੱਟ ਵੈਟ ਲੱਗਦਾ ਹੈ। ਉੱਥੇ ਹੀ ਦੇਸ਼ ਵਿਚ ਸਭ ਤੋਂ ਮਹਿੰਗਾ ਪੈਟਰੋਲ ਮਹਾਰਾਸ਼ਟਰ ਦੇ ਪਰਭਣੀ ਵਿਚ ਵਿਕ ਰਿਹਾ ਹੈ। ਇੱਥੇ 86.68 ਰੁਪਏ ਪ੍ਰਤੀ ਲੀਟਰ ਦੇ ਭਾਅ 'ਤੇ ਪੈਟਰੋਲ ਵਿਕ ਰਿਹਾ ਹੈ। 

ਦੱਸ ਦਈਏ ਕਿ ਪੂਰੇ ਦੇਸ਼ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇਕੋ ਜਿਹੀਆਂ ਨਹੀਂ ਹਨ। ਕੁਝ ਸੂਬੇ ਇਸ 'ਤੇ ਘੱਟ ਵੈਟ ਲਗਾਉਂਦੇ ਹਨ, ਜਿਸ ਕਾਰਨ ਕੀਮਤਾਂ ਵਿਚ ਅੰਤਰ ਦੇਖਣ ਨੂੰ ਮਿਲਦਾ ਹੈ। 
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਦਾ ਫਾਇਦਾ ਘਰੇਲੂ ਪੱਧਰ ‘ਤੇ ਆਮ ਲੋਕਾਂ ਨੂੰ ਨਹੀਂ ਮਿਲ ਰਿਹਾ ਹੈ।

ਦੇਸ਼ ਦੀ ਸਰਕਾਰੀ ਤੇਲ ਮਾਰਕੀਟਿੰਗ ਕੰਪਨੀ ਨੇ ਲਗਾਤਾਰ 12ਵੇਂ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਵਧਾ ਦਿੱਤਾ ਹੈ।  ਰਾਜਧਾਨੀ ਦਿੱਲੀ ਵਿਚ ਵੀਰਵਾਰ ਨੂੰ ਪੈਟਰੋਲ ਦੀ ਨਵੀਂ ਕੀਮਤ 77.81 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜੋ ਬੁੱਧਵਾਰ ਨੂੰ 77.28 ਰੁਪਏ ਪ੍ਰਤੀ ਲੀਟਰ ਸੀ। ਦਿੱਲੀ ਵਿਚ ਡੀਜ਼ਲ ਦੀ ਕੀਮਤ ਵਿਚ ਵੀ 64 ਪੈਸੇ ਦਾ ਵਾਧਾ ਹੋਇਆ ਹੈ ਅਤੇ ਨਵੀਂ ਕੀਮਤ 76.43 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਇਸ਼ ਦੌਰਾਨ ਪੈਟਰੋਲ ਦੀਆਂ ਕੀਮਤਾਂ ਵਿਚ 53 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 64 ਪੈਸੇ ਦਾ ਵਾਧਾ ਹੋਇਆ ਹੈ। ਦੱਸ ਦਈਏ ਕਿ 12 ਦਿਨਾਂ ਵਿਚ ਪੈਟਰੋਲ 6.53 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 7.04 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ।