ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਸੋਨੀਆ ਗਾਂਧੀ ਦੀ ਪੀਐਮ ਮੋਦੀ ਨੂੰ ਚਿੱਠੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਅਤੇ ਤਾਲਾਬੰਦੀ ਕਾਰਨ ਕਾਰੋਬਾਰ ‘ਤੇ ਵੱਡਾ ਪ੍ਰਭਾਵ ਪਿਆ ਹੈ।

Sonia Gandhi and PM Modi

ਨਵੀਂ ਦਿੱਲੀ: ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਅਤੇ ਤਾਲਾਬੰਦੀ ਕਾਰਨ ਕਾਰੋਬਾਰ ‘ਤੇ ਵੱਡਾ ਪ੍ਰਭਾਵ ਪਿਆ ਹੈ। ਇਸ ਸੰਕਟ ਦੌਰਾਨ  ਪਿਛਲੇ ਦਸ ਦਿਨਾਂ ਤੋਂ ਹਰ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਇਸ ਮਾਮਲੇ ‘ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਹੈ।

ਸੋਨੀਆ ਗਾਂਧੀ ਨੇ ਲਿਖਿਆ ਕਿ ਸੰਕਟ ਦੇ ਸਮੇਂ ਵਿਚ ਵੀ ਤੁਹਾਡੀ ਸਰਕਾਰ ਲਗਾਤਾਰ ਕੀਮਤਾਂ ਵਿਚ ਵਾਧਾ ਕਰ ਰਹੀ ਹੈ ਅਤੇ ਇਸ ਨਾਲ ਸੈਂਕੜੇ ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸੋਨੀਆ ਗਾਂਧੀ ਦੀ ਮੰਗ ਹੈ ਕਿ ਸਰਕਾਰ ਤੁਰੰਤ ਵਧੀ ਹੋਈ ਕੀਮਤ ਵਾਪਸ ਲਵੇ। ਸੋਨੀਆ ਗਾਂਧੀ ਨੇ ਅਪਣੀ ਚਿੱਠੀ ਵਿਚ ਲਿਖਿਆ ਕਿ ਸਰਕਾਰ ਨੇ ਤਾਲਾਬੰਦੀ ਦੌਰਾਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਕਰੀਬ 2.6 ਲੱਖ ਕਰੋੜ ਰੁਪਏ ਕਮਾ ਲਏ ਹਨ।

ਅਜਿਹੇ ਸਮੇਂ ਵਿਚ ਜਦੋਂ ਲੋਕ ਸੰਕਟ ਵਿਚ ਹਨ ਤਾਂ ਇਸ ਤਰ੍ਹਾਂ ਕੀਮਤਾਂ ਵਧਾਉਣ ਨਾਲ ਉਹਨਾਂ ‘ਤੇ ਹੋਰ ਸੰਕਟ ਪੈ ਰਿਹਾ ਹੈ। ਅਜਿਹੇ ਵਿਚ ਸਰਕਾਰ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੇ ਸੰਕਟ ਨੂੰ ਦੂਰ ਕੀਤਾ ਜਾਵੇ। ਕਾਂਗਰਸ ਪ੍ਰਧਾਨ ਨੇ ਲਿਖਿਆ ਕਿ ਮੈਨੂੰ ਸਮਝ ਨਹੀਂ ਆ ਰਿਹਾ ਹੈ, ਜਦੋਂ ਦੇਸ਼ ਵਿਚ ਇੰਨੀਆਂ ਨੌਕਰੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਜੀਉਣ ਲਈ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸਰਕਾਰ ਇਸ ਤਰ੍ਹਾਂ ਕੀਮਤਾਂ ਕਿਉਂ ਵਧਾ ਰਹੀ ਹੈ।

ਸੋਨੀਆ ਗਾਂਧੀ ਨੇ ਲਿਖਿਆ ਕਿ ਸਰਕਾਰ ਵੱਲੋਂ ਪਿਛਲੇ 6 ਸਾਲਾਂ ਵਿਚ ਪੈਟਰੋਲ ‘ਤੇ 258 ਅਤੇ ਡੀਜ਼ਲ ‘ਤੇ 820 ਫੀਸਦੀ ਐਕਸਾਈਜ਼ ਡਿਊਟੀ ਵਧਾਈ ਹੈ, ਜਿਸ ਨਾਲ ਕਰੀਬ 18 ਲੱਖ ਕਰੋੜ ਰੁਪਏ ਕਮਾਏ ਗਏ ਹਨ। ਦੱਸ ਦਈਏ ਕਿ ਪਿਛਲੇ 10 ਦਿਨਾਂ ਤੋਂ ਆਏ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ, ਜਿਸ ਨਾਲ ਆਮ ਆਦਮੀ ਦੀਆਂ ਮੁਸ਼ਕਿਲਾਂ ਕਾਫੀ ਵਧ ਗਈਆਂ ਹਨ।