ਮੋਦੀ ਸਰਕਾਰ ਨੇ ਰਾਤੋ-ਰਾਤ ਕੀਤਾ ਵੱਡਾ ਫੈਸਲਾ, ਇਸ ਚੀਜ਼ ‘ਤੇ ਲਗਾਈ ਰੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਨ ਨੂੰ ਸਬਕ ਸਿਖਾਉਣ ਲਈ ਮੋਦੀ ਸਰਕਾਰ ਨੇ ਸ਼ੁਰੂ ਕੀਤੀ ਕਾਰਵਾਈ

Narendra Modi

ਨਵੀਂ ਦਿੱਲੀ: ਗਲਵਾਨ ਘਾਟੀ ਵਿਚ ਭਾਰਤੀ ਅਤੇ ਚੀਨੀ ਫੌਜ ਵਿਚਕਾਰ ਹੋਈ ਝੜਪ ਤੋਂ ਬਾਅਦ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਦੇਸ਼ ਵਿਚ 4ਜੀ ਦੇ ਐਗਜ਼ੀਕਿਊਸ਼ਨ ਲਈ ਵਰਤੇ ਜਾਣ ਵਾਲੇ ਚੀਨੀ ਉਪਕਰਣਾਂ ‘ਤੇ ਰੋਕ ਲਗਾ ਦਿੱਤੀ ਹੈ।  ਰੋਕ ਲਈ ਸਰਕਾਰ ਨੇ ਸੰਚਾਰ ਵਿਭਾਗ ਅਤੇ ਸਰਕਾਰੀ ਟੈਲੀਕਾਮ ਕੰਪਨੀਆਂ ਬੀਐਸਐਨਐਲ ਅਤੇ ਐਮਟੀਐਨਐਲ ਨੂੰ ਵੀ ਨਿਰਦੇਸ਼ ਦੇ ਦਿੱਤੇ ਹਨ।

ਗਲਵਾਨ ਘਾਟੀ ਵਿਚ 15 ਜੂਨ ਦੀ ਰਾਤ ਹੋਈ ਹਿੰਸਕ ਝੜਪ ਵਿਚ ਦੇਸ਼ ਦੇ 20 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਦੇਸ਼ ਵਿਚ ਚੀਨ ਦੇ ਸਮਾਨ ਦੇ ਬਾਈਕਾਟ ਨੂੰ ਲੈ ਕੇ ਵਿਰੋਧ ਹੋਰ ਤੇਜ਼ ਹੋ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਨਿੱਜੀ ਕੰਪਨੀਆਂ ਦੇ ਅਪਰੇਟਰਾਂ ਨੂੰ ਵੀ ਇਹ ਨਿਰਦੇਸ਼ ਦੇਣ ਲਈ ਕਦਮ ਚੁੱਕ ਰਹੀ ਹੈ, ਤਾਂ ਜੋ ਚੀਨ ਦੇ ਉਪਕਰਣਾਂ ‘ਤੇ ਉਹਨਾਂ ਦੀ ਨਿਰਭਰਤਾ ਨੂੰ ਘੱਟ ਕੀਤਾ ਜਾ ਸਕੇ।

ਦਰਅਸਲ ਚੀਨੀ ਕੰਪਨੀਆਂ ਵੱਲੋਂ ਬਣਾਏ ਗਏ ਉਪਕਰਣਾਂ ਦੀ ਨੈੱਟਵਰਕ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ। ਚੀਨ ਦੀਆਂ ਕੰਪਨੀਆਂ ਨੂੰ ਰੋਕਣ ਲਈ ਨਵੇਂ ਟੈਂਡਰ ਕੱਢੇ ਜਾਣਗੇ। ਦੱਸ ਦਈਏ ਕਿ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਝੜਪ ਤੋਂ ਬਾਅਦ ਚੀਨ ਵਿਰੁੱਧ ਦੇਸ਼ ਵਿਚ ਗੁੱਸੇ ਦਾ ਮਾਹੌਲ ਹੈ। ਚੀਨ ਨੂੰ ਸਬਕ ਸਿਖਾਉਣ ਲਈ ਕਈ ਸੰਗਠਨਾਂ ਨੇ ਚੀਨੀ ਸਮਾਨ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ।

ਇਸ ਦੌਰਾਨ ਹੀ ਟੈਲੀਕਾਮ ਮੰਤਰਾਲੇ ਨੇ ਕਿਹਾ ਹੈ ਕਿ ਸਾਰੇ ਪ੍ਰਾਈਵੇਟ ਸਰਵਿਸ ਅਪਰੇਟਰਾਂ ਨੂੰ ਨਿਰਦੇਸ਼ ਦਿੱਤੇ ਜਾਣਗੇ ਕਿ ਚੀਨੀ ਉਪਕਰਣਾਂ ‘ਤੇ ਨਿਰਭਰਤਾ ਤੇਜ਼ੀ ਨਾਲ ਘੱਟ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਭਾਰਤ ਦੀਆਂ ਵੱਡੀਆਂ ਇੰਟਰਨੈੱਟ ਕੰਪਨੀਆਂ ਵਿਚ ਚੀਨ ਦਾ ਵੱਡਾ ਨਿਵੇਸ਼ ਹੈ। ਅੰਕੜਿਆਂ ਮੁਤਾਬਕ ਟੈਲੀਕਾਮ ਉਪਕਰਣਾਂ ਦਾ ਬਾਜ਼ਾਰ 12 ਹਜ਼ਾਰ ਕਰੋੜ ਦਾ ਹੈ, ਜਿਸ ਵਿਚ ਚੀਨੀ ਉਤਪਾਦ ਦਾ ਹਿੱਸਾ ਲਗਭਗ 25 ਪ੍ਰਤੀਸ਼ਤ ਹੈ।