Weather: ਪੰਜਾਬ, ਹਰਿਆਣਾ, ਦਿੱਲੀ-NCR 'ਚ ਮੌਸਮ ਖੁਸ਼ਕ, ਇਹਨਾਂ ਸੂਬਿਆਂ 'ਚ ਅੱਜ ਹੋ ਸਕਦੀ ਹੈ ਬਾਰਿਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁਝ ਦਿਨ ਪਹਿਲਾਂ ਮਾਨਸੂਨ ਜਿਸ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ, ਹੁਣ ਇਸ ਦੀ ਰਫ਼ਤਾਰ ਰੁਕ ਗਈ ਹੈ।

Weather

ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਮਾਨਸੂਨ ਜਿਸ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ, ਹੁਣ ਇਸ ਦੀ ਰਫ਼ਤਾਰ ਰੁਕ ਗਈ ਹੈ। ਦਰਅਸਲ ਜੋ ਸਿਸਟਮ ਮਾਨਸੂਨ ਨੂੰ ਅੱਗੇ ਲਿਜਾ ਰਿਹਾ ਸੀ ਉਹ ਹੌਲੀ-ਹੌਲੀ ਬੰਗਾਲ ਦੀ ਖਾੜੀ ਵੱਲ ਜਾ ਰਿਹਾ ਹੈ। ਹਾਲਾਂਕਿ ਉਮੀਦ ਹੈ ਕਿ ਇਹ ਸਿਸਟਮ ਫਿਰ ਤੋਂ ਹਰਕਤ ਵਿਚ ਆਵੇਗਾ ਅਤੇ ਉਸ ਤੋਂ ਬਾਅਦ ਵਾਪਸ ਓਡੀਸ਼ਾ, ਛੱਤੀਸਗੜ੍ਹ ਹੁੰਦੇ ਹੋਏ ਮੱਧ ਪ੍ਰਦੇਸ਼ ਵੱਲ ਅੱਗੇ ਵਧੇਗਾ।

ਮੌਸਮ ਨਾਲ ਜੁੜੀ ਜਾਣਕਾਰੀ ਦੇਣ ਵਾਲੀ ਨਿੱਜੀ ਏਜੰਸੀ ਮੁਤਾਬਕ ਇਸ ਨਾਲ ਮਾਨਸੂਨ ਇਕ ਵਾਰ ਫਿਰ ਅੱਗੇ ਵਧੇਗਾ। ਪਰ ਇਹ ਸੰਭਾਵਨਾ 20 ਜੂਨ ਤੋਂ ਬਾਅਦ ਬਣ ਰਹੀ ਹੈ। ਮੌਸਮ ਵਿਭਾਗ ਮੁਤਾਬਕ ਹਰਿਆਣਾ ਅਤੇ ਪੰਜਾਬ ਵਿਚ 19-21 ਜੂਨ ਵਿਚਕਾਰ ਕੁਝ ਸਥਾਨਾਂ 'ਤੇ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਪੰਜਾਬ ਵਿਚ ਅਗਲੇ ਦੋ ਦਿਨਾਂ ਵਿਚ ਕੁਝ ਸਥਾਨਾਂ 'ਤੇ ਲੂ ਚੱਲਣ ਦੀ ਸੰਭਾਵਨਾ ਹੈ। 

ਹਾਲਾਂਕਿ ਇਸ ਸਮੇਂ ਬਾਰਿਸ਼ ਦੀਆਂ ਗਤੀਵਿਧੀਆਂ ਉੱਤਰ ਪੂਰਬੀ ਭਾਰਤ ਅਤੇ ਪੂਰਬੀ ਭਾਰਤ ਦੇ ਸੂਬਿਆਂ ਵਿਚ ਬਣ ਰਹੀ ਹੈ। ਅੱਜ ਮਿਜ਼ੋਰਮ, ਤ੍ਰਿਪੁਰਾ, ਮਣੀਪੁਰ, ਨਾਗਾਲੈਂਡ, ਅਸਮ, ਅਰੁਣਾਚਲ ਪ੍ਰਦੇਸ਼, ਸਿੱਕਮ ਵਿਚ ਕਈ ਥਾਵਾਂ ਵਿਚ ਭਾਰੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਸਭ ਤੋਂ ਜ਼ਿਆਦਾ ਬਾਰਿਸ਼ ਸਿੱਕਮ ਅਤੇ ਉਪ ਹਿਮਾਲਿਅਨ ਪੱਛਮੀ ਬੰਗਾਲ ਅਤੇ ਇਸ ਨਾਲ ਲੱਗਦੇ ਉੱਤਰ ਪੂਰਬੀ ਬਿਹਾਰ ਦੇ ਹਿੱਸਿਆਂ ਵਿਚ ਹੋਵੇਗੀ।

ਉੱਤਰ ਭਾਰਤ ਵਿਚ ਇਸ ਸਮੇਂ ਕੋਈ ਐਕਟਿਵ ਮੌਸਮੀ ਸਿਸਟਮ ਨਹੀਂ ਹੈ। ਜਿਸ ਕਾਰਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਰੇ ਹਿੱਸਿਆਂ ਵਿਚ ਜ਼ਿਆਦਾਤਰ ਥਾਵਾਂ 'ਤੇ ਪਿਛਲੇ ਦੋ-ਤਿੰਨ ਦਿਨਾਂ ਤੋਂ ਮੌਸਮ ਖੁਸ਼ਕ ਬਣਿਆ ਹੋਇਆ ਸੀ। ਪਰ ਉਤਰਾਖੰਡ ਵਿਚ ਬਾਰਿਸ਼ ਹੋ ਰਹੀ ਹੈ। ਇਸੇ ਤਰ੍ਹਾਂ ਪੰਜਾਬ, ਹਰਿਆਣਾ, ਦਿੱਲੀ, ਐਨਸੀਆਰ, ਪੱਛਮੀ ਉਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਸਾਰੀਆਂ ਥਾਵਾਂ 'ਤੇ ਮੌਸਮ ਸਾਫ ਅਤੇ ਖੁਸ਼ਕ ਰਹੇਗਾ। ਹਾਲਾਂਕਿ 19 ਜੂਨ ਨੂੰ ਸ਼ਾਮ ਤੱਕ ਮੌਸਮ ਬਦਲ ਸਕਦਾ ਹੈ।