ਅਗਨੀਪਥ ਯੋਜਨਾ ਖਿਲਾਫ਼ ਚੰਡੀਗੜ੍ਹ ਯੂਥ ਕਾਂਗਰਸ ਨੇ ਕੀਤਾ ਪ੍ਰਦਰਸ਼ਨ, ਕਈ ਵਰਕਰਾਂ ਨੂੰ ਹਿਰਾਸਤ ’ਚ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਪਰ ਪੁਲਿਸ ਨੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਹੈ।

Chandigarh youth congress protest against Agnipath



ਚੰਡੀਗੜ੍ਹ: ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦਾ ਦੇਸ਼ ਦੇ ਕਈ ਹਿੱਸਿਆ ਵਿਚ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਕਈ ਥਾਵਾਂ ’ਤੇ ਭੰਨਤੋੜ ਅਤੇ ਅੱਗਜ਼ਨੀ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਸ ਦੇ ਵਿਚਾਲੇ ਚੰਡੀਗੜ੍ਹ ਕਾਂਗਰਸ ਨੇ ਵੀ ਗਵਰਨਰ ਹਾਊਸ ਦੇ ਸਾਹਮਣੇ ਪ੍ਰਦਰਸ਼ਨ ਕੀਤਾ।

Chandigarh youth congress protest against Agnipath

ਇਸ ਦੌਰਾਨ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਟਾਇਰ ਸਾੜਨ ਦਾ ਵੀ ਪ੍ਰੋਗਰਾਮ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਪ੍ਰਦਰਸ਼ਨ ਵਿਚ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੁਬੇ ਵੀ ਸ਼ਾਮਲ ਸੀ।  

Chandigarh youth congress protest against Agnipath

ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਪਰ ਪੁਲਿਸ ਨੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਹੈ। ਲੁਬਾਣਾ ਨੇ ਕਿਹਾ ਕਿ ਦੇਸ਼ ਦਾ ਨੌਜਵਾਨ ਅੱਜ ਚੁੱਪ ਨਹੀਂ ਬੈਠੇਗਾ। ਜੋ ਫੌਜ ਸਾਡੀ ਰੱਖਿਆ ਕਰ ਰਹੀ ਹੈ, ਉਸ ਨੂੰ ਹੀ ਵੇਚਿਆ ਜਾ ਰਿਹਾ ਹੈ। ਮੋਦੀ ਸਰਕਾਰ ਨੇ ਪਿਛਲੇ 8 ਸਾਲਾਂ ਵਿਚ ਬੇਰੁਜ਼ਗਾਰੀ ਦੀ ਫੌਜ ਇਕੱਠੀ ਕੀਤੀ ਹੈ। ਸਰਕਾਰ ਦੀ ਹੁਣ ਇਕ ਹੋਰ ਫੋਰਸ ਇਕੱਠੀ ਕਰਨ ਦੀ ਮਨਸ਼ਾ ਹੈ।


Chandigarh youth congress protest against Agnipath

ਉਹਨਾਂ ਕਿਹਾ ਹਰ ਕਿਸੇ ਨੂੰ ਕੈਰੀਅਰ ਚੁਣਨ ਦਾ ਅਧਿਕਾਰ ਹੈ। ਸਰਕਾਰ ਸਿਰਫ਼ 4 ਸਾਲ ਲਈ ਨੌਕਰੀ ਦੇ ਰਹੀ ਹੈ। ਇਹ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ। ਲੁਬਾਣਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਗਨੀਪਥ ਸਕੀਮ ਵਾਪਸ ਨਾ ਲਈ ਤਾਂ ਕਾਂਗਰਸ ਦਾ ਪ੍ਰਦਰਸ਼ਨ ਦੇਸ਼ ਭਰ ਵਿਚ ਚੱਲਦਾ ਰਹੇਗਾ।