ਮਣੀਪੁਰ ਦੀਆਂ ਔਰਤਾਂ ਨੇ ਹਿੰਸਾ ਦੇ ਵਿਰੋਧ 'ਚ ਬਣਾਈ ਮਨੁੱਖੀ ਲੜੀ
ਇਕ ਮਹੀਨਾ ਪਹਿਲਾਂ ਸ਼ੁਰੂ ਹੋਈ ਹਿੰਸਾ 'ਚ 100 ਤੋਂ ਵੱਧ ਲੋਕ ਗੁਆ ਚੁੱਕੇ ਹਨ ਜਾਨ
ਇੰਫਾਲ : ਮਣੀਪੁਰ ਦੇ ਕਈ ਜ਼ਿਲ੍ਹਿਆਂ ਵਿਚ ਸ਼ਨੀਵਾਰ ਰਾਤ ਨੂੰ ਸੈਂਕੜੇ ਔਰਤਾਂ ਸੂਬੇ ਵਿਚ ਹਿੰਸਾ ਦੀ ਨਿੰਦਾ ਕਰਦੇ ਹੋਏ ਸੜਕਾਂ 'ਤੇ ਉਤਰ ਆਈਆਂ।
ਮੇਤੇਈ ਭਾਈਚਾਰੇ ਦੀਆਂ ਔਰਤਾਂ ਨੇ ਸ਼ਾਮ 7 ਵਜੇ ਤੋਂ ਰਾਤ 8 ਵਜੇ ਤਕ ਇੰਫਾਲ ਪੂਰਬੀ, ਇੰਫਾਲ ਪੱਛਮੀ, ਥੌਬਲ ਅਤੇ ਕਾਕਚਿੰਗ ਜ਼ਿਲ੍ਹਿਆਂ ਵਿਚ ਸੜਕਾਂ 'ਤੇ ਮਸ਼ਾਲਾਂ ਲੈ ਕੇ ਮਨੁੱਖੀ ਲੜੀ ਬਣਾਈ।
ਇਹ ਵੀ ਪੜ੍ਹੋ: ਪੰਜਾਬ 'ਚ ਮਿਆਰੀ ਬੀਜਾਂ, ਕੀਟਨਾਸ਼ਕਾਂ ਤੇ ਖਾਦਾਂ ਦੀ ਵਿਕਰੀ ਯਕੀਨੀ ਬਣਾਉਣ ਲਈ ਸੱਤ ਫਲਾਇੰਗ ਸਕੁਐਡ ਟੀਮਾਂ ਗਠਿਤ
ਕੋਂਗਬਾ ਵਿਚ ਮੀਰਾ ਪੈਬੀ ਦੀ ਆਗੂ ਥੌਨਾਓਜਮ ਕਿਰਨ ਦੇਵੀ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕਿਹਾ, "ਅਸੀਂ ਹਿੰਸਾ ਨੂੰ ਰੋਕਣ ਅਤੇ ਸੁਰੱਖਿਆ ਪ੍ਰਦਾਨ ਕਰਨ ਵਿਚ ਅਸਫ਼ਲ ਰਹਿਣ ਲਈ ਕੇਂਦਰ ਅਤੇ ਸੂਬਾ ਸਰਕਾਰ ਤੋਂ ਬਹੁਤ ਨਿਰਾਸ਼ ਹਾਂ।"ਉਨ੍ਹਾਂ ਨੇ ਇਸ ਨੂੰ ‘ਮਿਆਂਮਾਰ ਤੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਘੁਸਪੈਠ’ ਕਰਾਰ ਦਿਤਾ ਅਤੇ ਇਸ ਦਾ ਵਿਰੋਧ ਕੀਤਾ।
ਔਰਤਾਂ ਨੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ (ਐਨ.ਆਰ.ਸੀ.) ਨੂੰ ਲਾਗੂ ਕਰਨ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ।ਇਕ ਮਹੀਨਾ ਪਹਿਲਾਂ ਮਣੀਪੁਰ ਵਿਚ ਮੇਤੇਈ ਅਤੇ ਕੂਕੀ ਭਾਈਚਾਰਿਆਂ ਦਰਮਿਆਨ ਸ਼ੁਰੂ ਹੋਈ ਨਸਲੀ ਹਿੰਸਾ ਵਿਚ 100 ਤੋਂ ਵੱਧ ਲੋਕ ਅਪਣੀ ਜਾਨ ਗੁਆ ਚੁੱਕੇ ਹਨ।