ਕੇਂਦਰ ’ਚ ‘ਅਨਪੜ੍ਹ ਲੋਕ’ ਸਰਕਾਰ ਚਲਾ ਰਹੇ ਨੇ : ਅਰਵਿੰਦ ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਅਗਲੀ ਵਾਰੀ ‘ਫ਼ਰਜ਼ੀ ਡਿਗਰੀਆਂ’ ਵਾਲਿਆਂ ਨੂੰ ਵੋਟ ਨਾ ਦਿਓ

photo

 

ਸ੍ਰੀਗੰਗਾਨਗਰ, (ਰਾਜਸਥਾਨ): ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਿਵੰਦ ਕੇਜਰੀਵਾਲ ਨੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ’ਚ ‘ਅਨਪੜ੍ਹ ਲੋਕ’ ਸਰਕਾਰ ਚਲਾ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਅਗਲੀ ਵਾਰੀ ‘ਫ਼ਰਜ਼ੀ ਡਿਗਰੀਆਂ’ ਵਾਲਿਆਂ ਨੂੰ ਵੋਟ ਨਾ ਦੇਣ। ਰਾਜਸਥਾਨ ਦੇ ਸ੍ਰੀਗੰਗਾਨਗਰ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਸਿਆਸਤਦਾਨ ਕਹਿੰਦੇ ਹੁੰਦੇ ਸਨ ਕਿ ਅਗਲੇ 20 ਸਾਲਾਂ ’ਚ ਦੇਸ਼ ਵਿਕਸਤ ਬਣ ਜਾਵੇਗਾ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਵੀ ਸੁਣਿਆ ਹੈ ਜਿਸ ’ਚ ਉਹ ਕਹਿੰਦੇ ਹਨ ਕਿ ਭਾਰਤ 2027 ਤਕ ਵਿਕਸਤ ਦੇਸ਼ ਬਣ ਜਾਵੇਗਾ। ਅਸੀਂ ਕਿਸ ਤਰ੍ਹਾਂ ਤੁਹਾਡੇ ਬੋਲਾਂ ’ਤੇ ਯਕੀਨ ਕਰ ਸਕਦੇ ਹਾਂ? ਕੇਂਦਰ ਸਰਕਾਰ ’ਚ ਬੈਠੇ ਲੋਕ ਝੂਠ ਬੋਲ ਰਹੇ ਹਨ। ਉਨ੍ਹਾਂ ਨੂੰ ਕੁਝ ਨਹੀਂ ਪਤਾ। ਅੱਜ ਕੇਂਦਰ ਸਰਕਾਰ ਨੂੰ ਅਨਪੜ੍ਹ ਲੋਕ ਚਲਾ ਰਹੇ ਹਨ।’’ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੰਚ ’ਤੇ ਉਨ੍ਹਾਂ ਨਾਲ ਬੈਠੇ ਸਨ।

ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਈਟੀਓ ਵਲੋਂ ਤਰਸਿੱਕਾ ਤੇ ਖੱਬੇ ਰਾਜਪੂਤਾਂ 'ਚ ਹੈਲਥ ਐਂਡ ਵੈਲਨੈਸ ਸੈਂਟਰਾਂ ਦਾ ਨੀਂਹ ਪੱਥਰ

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਅੱਗੇ ਕਿਹਾ, ‘‘ਜੇਕਰ ਕੇਂਦਰ ਸਰਕਾਰ ’ਚ ਅਨਪੜ੍ਹ ਲੋਕ ਨਾ ਹੁੰਦੇ ਤਾਂ ਉਹ ਨੋਟਬੰਦੀ ਨਾ ਲਿਆਉਂਦੇ ਅਤੇ ਨਾ ਹੀ ਖੇਤੀ ਕਾਨੂੰਨ ਲੈ ਕ ਆਉਂਦੇ। ਜਦੋਂ ਤੁਸੀਂ ਅਗਲੀ ਵਾਰੀ ਵੋਟ ਪਾਓ ਤਾਂ ਸਿਰਫ਼ ਪੜ੍ਹੇ-ਲਿਖੇ ਬੰਦੇ ਨੂੰ ਪਾਇਓ। ਅਨਪੜ੍ਹ ਜਾਂ ਫ਼ਰਜ਼ੀ ਡਿਗਰੀਆਂ ਵਾਲੇ ਲੋਕਾਂ ਨੂੰ ਵੋਟ ਨਾ ਪਾਇਓ।’’ ਉਨ੍ਹਾਂ ਕਿਹਾ ਕਿ ਉਹ ਅਗਲੇ 10 ਸਾਲਾਂ ’ਚ ਭਾਰਤ ਨੂੰ ਸਿਖਰ ’ਤੇ ਲੈ ਕੇ ਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਉਨ੍ਹਾਂ ਤੋਂ ਇਸ ਲਈ ਖਾਰ ਖਾਂਦੀ ਹੈ ਕਿਉਂਕਿ ਉਹ ‘ਪੜ੍ਹੇ-ਲਿਖੇ ਹਨ, ਇੰਜਨੀਅਰ ਹਨ ਅਤੇ ਆਰ.ਆਰ.ਐਸ. ਅਫ਼ਸਰ ਹਨ’।

ਇਹ ਵੀ ਪੜ੍ਹੋ: ਗੰਗਾਨਗਰ ਰੈਲੀ 'ਚ ਗਰਜੇ CM ਭਗਵੰਤ ਮਾਨ, ਕਿਹਾ- ਰਾਜਸਥਾਨ 'ਚ ਸਰਕਾਰ ਬਣੀ ਤਾਂ ਭ੍ਰਿਸ਼ਟਚਾਰੀਆਂ 'ਤੇ ਕੱਸਾਂਗੇ ਸ਼ਿਕੰਜਾ

ਅਪਣੇ ਭਾਸ਼ਣ ਦੌਰਾਨ ਉਨ੍ਹਾਂ ਇਕ ਅਨਪੜ੍ਹ ਰਾਜੇ ਦੀ ਕਹਾਣੀ ਵੀ ਸੁਣਾਈ ਜਿਸ ਨੇ ਦੇਸ਼ ਨੂੰ ਬਰਬਾਦ ਕਰ ਦਿਤਾ, ਅਤੇ ਕਿਹਾ ਕਿ ਦੇਸ਼ ਨੂੰ ਚਲਾਉਣ ਲਈ ਪੜ੍ਹੇ-ਲਿਖੇ ਰਾਜੇ ਦੀ ਜ਼ਰੂਰਤ ਹੁੰਦੀ ਹੈ। ਰਾਜਸਥਾਨ ’ਚ ‘ਦਿੱਲੀ ਵਿਕਾਸ ਮਾਡਲ’ ਦਾ ਪ੍ਰਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ’ਚ ‘ਆਪ’ ਸਰਕਾਰ ਨੇ ਏਨਾ ਵਧੀਆ ਕੰਮ ਕੀਤਾ ਹੈ ਕਿ ਉਸ ਨੂੰ ਕੋਈ ਅਗਲੇ 50 ਸਾਲਾਂ ਤਕ ਨਹੀਂ ਹਟਾ ਸਕਦਾ। ਉਨ੍ਹਾਂ ਕਿਹਾ ਕਿ ਰਾਜਸਥਾਨ ’ਚ ਭਾਜਪਾ ਅਤੇ ਕਾਂਗਰਸ ਦੋਹਾਂ ਨੇ ਆਪੋ-ਅਪਣੀ ਸਰਕਾਰ ਦੌਰਾਨ ਲੋਕਾਂ ਨੂੰ ਲੁਟਿਆ ਹੈ। ਉਨ੍ਹਾਂ ਅਪਣੇ ਸੰਬੋਧਨ ਦੌਰਾਨ ਕਿਹਾ, ‘‘ਦੋਵੇਂ ਪਾਰਟੀਆਂ, ਯਾਨੀਕਿ ਕਾਂਗਰਸ ਅਤੇ ਭਾਜਪਾ ਭਿ੍ਰਸ਼ਟਾਚਾਰ ’ਚ ਸ਼ਾਮਲ ਹਨ। ਵਸੁੰਧਰਾ ਰਾਜੇ ਦੀ ਸਰਕਾਰ ਦੌਰਾਨ ਅਸ਼ੋਕ ਗਹਿਲੋਤ ਉਨ੍ਹਾਂ ’ਤੇ ਭਿ੍ਰਸ਼ਟਾਚਾਰ ਦਾ ਦੋਸ਼ ਲਾਉਂਦੇ ਸਨ, ਅੱਜ ਜਦੋਂ ਅਸ਼ੋਕ ਗਹਿਲੋਤ ਦੀ ਸਰਕਾਰ ਸੱਤਾ ’ਚ ਆਈ ਤਾਂ ਸਚਿਨ ਪਾਇਲਟ ਉਨ੍ਹਾਂ ਨੂੰ ਵਸੁੰਧਰਾ ਰਾਜੇ ਨੂੰ ਗਿ੍ਰਫ਼ਤਾਰ ਕਰਨ ਲਈ ਕਹਿੰਦੇ ਰਹ ਪਰ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਗਿ੍ਰਫ਼ਤਾਰ ਨਹੀਂ ਕਰਾਂਗਾ, ਉਹ ਮੇਰੀ ਭੈਣ ਵਾਂਗ ਹਨ।’’ ਰਾਜਸਥਾਨ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਸੂਬੇ ਅੰਦਰ ਅਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ।