ਯੂਪੀ ‘ਚ ਕੈਮਰੇ ਦੇ ਸਾਹਮਣੇ ਨੇਪਾਲੀ ਨੌਜਵਾਨ ਦਾ ਜ਼ਬਰੀ ਸਿਰ ਮੁੰਨਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

"ਜੈ ਸ਼੍ਰੀ ਰਾਮ" ਦਾ ਨਾਰਾ ਲਗਾਉਣ ਲਈ ਕੀਤਾ ਮਜਬੂਰ

File

ਵਾਰਾਨਸੀ- ਭਗਵਾਨ ਸ੍ਰੀਰਾਮ ਅਤੇ ਅਯੁੱਧਿਆ 'ਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਬਿਆਨ ਨੂੰ ਲੈ ਕੇ ਭਾਰਤ ਦੀਆਂ ਹਿੰਦੂ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਕੁੱਝ ਲੋਕ ਭਾਰਤ ਵਿਚ ਰਹਿ ਰਹੇ ਨੇਪਾਲੀਆਂ ਨਾਲ ਘਟੀਆ ਹਰਕਤਾਂ ਕਰਨ 'ਤੇ ਵੀ ਉਤਰ ਆਏ ਹਨ। ਜਿਸ ਦੀ ਮਿਸਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਹੈ।

ਜਿਸ ਵਿਚ ਵਿਸ਼ਵ ਹਿੰਦੂ ਸੈਨਾ ਦੇ ਵਰਕਰਾਂ ਨੇ ਗੰਗਾ ਕਿਨਾਰੇ ਇਕ ਬੇਕਸੂਰ ਨੇਪਾਲੀ ਨੌਜਵਾਨ ਦਾ ਸਿਰ ਮੁੰਨ ਕੇ ਉਪਰ ਜੈ ਸ੍ਰੀ ਰਾਮ ਲਿਖ ਦਿੱਤਾ। ਇੱਥੇ ਹੀ ਬਸ ਨਹੀਂ, ਹਿੰਦੂ ਵਰਕਰਾਂ ਵੱਲੋਂ ਜਿੱਥੇ ਉਸ ਪਾਸੋਂ ਜੈ ਸ੍ਰੀ ਰਾਮ ਦੇ ਨਾਅਰੇ ਲਗਵਾਏ ਗਏ, ਉਥੇ ਹੀ ਉਸ ਤੋਂ ਨੇਪਾਲੀ ਪੀਐਮ ਵਿਰੁੱਧ ਵੀ ਮੁਰਦਾਬਾਦ ਦੇ ਨਾਅਰੇ ਲਗਵਾਏ। ਇਸ ਮੰਦਭਾਗੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਸੰਗਠਨ ਦੇ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਨੇਪਾਲੀ ਪੀਐਮ ਨੇ ਅਪਣੇ ਬਿਆਨ 'ਤੇ ਮੁਆਫ਼ੀ ਨਾ ਮੰਗੀ ਤਾਂ ਅੱਗੇ ਹੋਰ ਨੇਪਾਲੀ ਨੌਜਵਾਨਾਂ ਨਾਲ ਵੀ ਅਜਿਹਾ ਕੀਤਾ ਜਾਵੇਗਾ। ਸੰਗਠਨ ਦੇ ਵਰਕਰਾਂ ਵੱਲੋਂ ਸ਼ਹਿਰ ਦੇ ਘਾਟਾਂ, ਮੰਦਰਾਂ ਅਤੇ ਨੇਪਾਲੀ ਬਹੁਤਾਤ ਵਾਲੇ ਖੇਤਰਾਂ ਵਿਚ ਚਿਤਾਵਨੀ ਭਰੇ ਪੋਸਟਰ ਵੀ ਲਗਾਏ ਗਏ ਹਨ। ਪੁਲਿਸ ਨੇ ਨੇਪਾਲੀ ਨੌਜਵਾਨ ਦਾ ਸਿਰ ਮੁੰਨਣ ਵਾਲਿਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਾ ਹੈ।

ਪੁਲਿਸ ਵੱਲੋਂ ਇਸ ਮਾਮਲੇ ਵਿਚ ਮੁੱਖ ਦੋਸ਼ੀ ਅਰੁਣ ਪਾਠਕ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ 'ਤੇ ਬੋਲਦਿਆਂ ਐਸਪੀ ਸਿਟੀ ਵਿਕਾਸ ਚੰਦਰ ਤ੍ਰਿਪਾਠੀ ਨੇ ਇਸ ਘਟਨਾ ਨੂੰ ਅਣਮਨੁੱਖੀ ਹਰਕਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਚੁਣੌਤੀ ਦੇਣ ਵਾਲੀ ਕੋਈ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਦਰਅਸਲ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਅਯੁੱਧਿਆ ਲੱਖਾਂ ਹਿੰਦੂਆਂ ਵੱਲੋਂ ਭਗਵਾਨ ਰਾਮ ਦੀ ਜਨਮ ਭੂਮੀ ਮੰਨਿਆ ਜਾਣ ਵਾਲਾ ਪ੍ਰਾਚੀਨ ਸ਼ਹਿਰ ਹੈ ਜਦਕਿ ਅਸਲ ਵਿਚ ਅਸਲ ਅਸਥਾਨ ਕਾਠਮੰਡੂ ਕੋਲ ਇਕ ਛੋਟਾ ਜਿਹਾ ਪਿੰਡ ਹੈ। ਨੇਪਾਲੀ ਪੀਐਮ ਦੇ ਇਸ ਬਿਆਨ ਕਾਰਨ ਹੀ ਸਾਰਾ ਵਿਵਾਦ ਛਿੜਿਆ ਹੋਇਆ ਹੈ।

ਪਰ ਪ੍ਰਧਾਨ ਮੰਤਰੀ ਦੇ ਬਿਆਨ 'ਤੇ ਕਿਸੇ ਦੇਸ਼ ਦੇ ਨਾਗਰਿਕਾਂ ਨੂੰ ਪਰੇਸ਼ਾਨ ਕਰਨਾ ਕਿੱਥੋਂ ਤਕ ਸਹੀ ਹੈ। ਕੀ ਇਹੀ ਹੈ ਯੋਗੀ ਸਰਕਾਰ ਦਾ ਰਾਮਰਾਜ? ਜਿਹੜੇ ਨੇਪਾਲੀ ਲੋਕ ਕਈ ਅਰਸਿਆਂ ਤੋਂ ਕਾਸ਼ੀ ਨੂੰ ਭਗਵਾਨ ਦਾ ਪ੍ਰਾਚੀਨ ਅਸਥਾਨ ਮੰਨ ਕੇ ਇੱਥੇ ਰਹਿ ਰਹੇ ਹਨ, ਕੁੱਝ ਭਾਰਤੀ ਹਿੰਦੂਆਂ ਵੱਲੋਂ ਉਨ੍ਹਾਂ 'ਤੇ ਨੇਪਾਲੀਆਂ ਨੂੰ ਹੀ ਜਲੀਲ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।