ਯਸ਼ਵੰਤ ਸਿਨਹਾ ਬਨਾਮ ਦਰੋਪਦੀ ਮੁਰਮੂ: ਭਾਰਤ ਦੇ ਸੰਸਦ ਮੈਂਬਰਾਂ, ਵਿਧਾਇਕਾਂ ਨੇ 15ਵੇਂ ਰਾਸ਼ਟਰਪਤੀ ਲਈ ਕੀਤੀ ਵੋਟਿੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਸਦ ਦੇ ਕਮਰਾ ਨੰਬਰ 63 ਵਿਚ ਬਣਾਏ ਗਏ ਪੋਲਿੰਗ ਬੂਥ ਵਿਚ ਸੰਸਦ ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

Yashwant Sinha Vs Droupadi Murmu

 

ਨਵੀਂ ਦਿੱਲੀ: ਦੇਸ਼ ਭਰ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ  ਸੱਤਾਧਾਰੀ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਦੀ ਉਮੀਦਵਾਰ ਦ੍ਰੋਪਦੀ ਮੁਰਮੂ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਚੁਣੇ ਜਾਣ ਲਈ ਵੋਟਿੰਗ ਕੀਤੀ। ਭਾਰਤੀ ਜਨਤਾ ਪਾਰਟੀ ਅਤੇ ਬੀਜੂ ਜਨਤਾ ਦਲ, ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਸ਼ਿਵ ਸੈਨਾ ਅਤੇ ਝਾਰਖੰਡ ਮੁਕਤੀ ਮੋਰਚਾ ਵਰਗੀਆਂ ਖੇਤਰੀ ਪਾਰਟੀਆਂ ਦੇ ਸਮਰਥਨ ਨਾਲ ਮੁਰਮੂ ਦੀ ਵੋਟ ਹਿੱਸੇਦਾਰੀ ਲਗਭਗ ਦੋ-ਤਿਹਾਈ ਤੱਕ ਪਹੁੰਚਣ ਦੀ ਸੰਭਾਵਨਾ ਹੈ ਅਤੇ ਉਹ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ 'ਤੇ ਰਹਿਣ ਵਾਲੀ ਕਬਾਇਲੀ ਭਾਈਚਾਰੇ ਦੀ ਪਹਿਲੀ ਨੇਤਾ ਅਤੇ ਦੂਜੀ ਔਰਤ ਹੋਵੇਗੀ।

Yashwant Sinha

ਸੰਸਦ ਦੇ ਕਮਰਾ ਨੰਬਰ 63 ਵਿਚ ਬਣਾਏ ਗਏ ਪੋਲਿੰਗ ਬੂਥ ਵਿਚ ਸੰਸਦ ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਦੇ ਨਾਲ ਹੀ ਵਿਧਾਨ ਸਭਾਵਾਂ 'ਚ ਵਿਧਾਇਕਾਂ ਨੇ ਵੋਟਾਂ ਪਾਈਆਂ। ਲਗਭਗ 4,800 ਚੁਣੇ ਗਏ ਸੰਸਦ ਮੈਂਬਰ ਅਤੇ ਵਿਧਾਇਕ ਚੋਣਾਂ ਵਿਚ ਵੋਟ ਪਾਉਣ ਦੇ ਹੱਕਦਾਰ ਹਨਪਰ ਨਾਮਜ਼ਦ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਅਤੇ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਨੂੰ ਇਹ ਅਧਿਕਾਰ ਨਹੀਂ ਹੈ।

Draupadi Murmu

ਇਸ ਦੌਰਾਨ ਸਿਨਹਾ ਨੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ "ਜ਼ਮੀਰ" ਦੀ ਗੱਲ ਸੁਣਨ ਅਤੇ ਉਹਨਾਂ ਦਾ ਸਮਰਥਨ ਕਰਨ। ਸਿਨਹਾ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਵਾਰ-ਵਾਰ ਕਿਹਾ ਹੈ ਕਿ ਇਹ ਚੋਣਾਂ ਦੇਸ਼ ਦੀ ਦਿਸ਼ਾ ਇਸ ਅਰਥ 'ਚ ਤੈਅ ਕਰੇਗੀ ਕਿ ਭਾਰਤ 'ਚ ਲੋਕਤੰਤਰ ਰਹੇਗਾ ਜਾਂ ਇਹ ਹੌਲੀ-ਹੌਲੀ ਖਤਮ ਹੋ ਜਾਵੇਗਾ। ਫਿਲਹਾਲ ਇਹ ਸੰਕੇਤ ਮਿਲ ਰਹੇ ਹਨ ਕਿ ਅਸੀਂ ਲੋਕਤੰਤਰ ਦੇ ਖਾਤਮੇ ਵੱਲ ਵਧ ਰਹੇ ਹਾਂ”।

ਸਿਨਹਾ ਨੇ ਇਹ ਵੀ ਕਿਹਾ ਕਿ ਉਹ ਸਿਰਫ਼ ਸਿਆਸੀ ਲੜਾਈ ਨਹੀਂ ਲੜ ਰਹੇ ਹਨ, ਸਗੋਂ ਸਰਕਾਰੀ ਏਜੰਸੀਆਂ ਖ਼ਿਲਾਫ਼ ਵੀ ਲੜ ਰਹੇ ਹਨ। ਸਿਨਹਾ ਨੇ ਕਿਹਾ, ''ਸਰਕਾਰੀ ਏਜੰਸੀਆਂ ਬਹੁਤ ਸਰਗਰਮ ਹੋ ਗਈਆਂ ਹਨ। ਉਹ ਸਿਆਸੀ ਪਾਰਟੀਆਂ 'ਚ ਭੰਨਤੋੜ ਕਰਵਾ ਰਹੀਆਂ ਹਨ। ਉਹ ਲੋਕਾਂ ਨੂੰ ਇਕ ਖਾਸ ਤਰੀਕੇ ਨਾਲ ਵੋਟ ਪਾਉਣ ਲਈ ਮਜ਼ਬੂਰ ਕਰ ਰਹੀਆਂ ਹਨ ਅਤੇ ਇਸ 'ਚ ਪੈਸੇ ਦੀ ਖੇਡ ਵੀ ਸ਼ਾਮਲ ਹੈ”। ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ ਅਤੇ ਅਗਲੇ ਰਾਸ਼ਟਰਪਤੀ  25 ਜੁਲਾਈ ਨੂੰ ਸਹੁੰ ਚੁੱਕਣਗੇ। ਨਤੀਜਾ ਪਹਿਲਾਂ ਹੀ ਸਾਫ਼ ਹੈ ਪਰ ਕੁਝ ਥਾਵਾਂ 'ਤੇ ਪਾਰਟੀ ਸਟੈਂਡ ਤੋਂ ਵੱਖ-ਵੱਖ ਵੋਟਾਂ ਪੈਣ ਦੀਆਂ ਅਟਕਲਾਂ ਕਾਰਨ ਮੁਕਾਬਲਾ ਦਿਲਚਸਪ ਬਣ ਗਿਆ ਹੈ।

Dr Manmohan Singh Vote For 15th President

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ (89) ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ (82) ਰਾਸ਼ਟਰਪਤੀ ਚੋਣ ਵਿਚ ਵੋਟ ਪਾਉਣ ਲਈ ਵ੍ਹੀਲਚੇਅਰ 'ਤੇ ਸੰਸਦ ਭਵਨ ਪਹੁੰਚੇ। ਭਾਜਪਾ ਦੇ ਸੀਨੀਅਰ ਨੇਤਾ ਪ੍ਰਦੀਪਤ ਕੁਮਾਰ ਨਾਇਕ ਰਾਸ਼ਟਰਪਤੀ ਚੋਣ 'ਚ ਵੋਟ ਪਾਉਣ ਲਈ ਹਸਪਤਾਲ ਤੋਂ ਸਿੱਧੇ ਸੰਸਦ ਕੰਪਲੈਕਸ ਪਹੁੰਚੇ। ਉਹ ਆਕਸੀਜਨ ਸਿਲੰਡਰ ਨਾਲ ਵ੍ਹੀਲਚੇਅਰ 'ਤੇ ਸੰਸਦ ਭਵਨ 'ਚ ਦਾਖਲ ਹੋਏ। ਪਟਨਾ 'ਚ ਕਰੀਬ ਇਕ ਮਹੀਨਾ ਪਹਿਲਾਂ ਸੜਕ ਹਾਦਸੇ ਦਾ ਸ਼ਿਕਾਰ ਹੋਏ ਭਾਜਪਾ ਵਿਧਾਇਕ ਮਿਥਿਲੇਸ਼ ਕੁਮਾਰ ਸਟਰੈਚਰ 'ਤੇ ਆਪਣੀ ਵੋਟ ਪਾਉਣ ਪਹੁੰਚੇ।

CM Bhagwant Mann Vote For 15th President

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਚ ਭੁਗਤਾਈ ਵੋਟ

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੀ ਵੋਟ ਪਾਈ। ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਕਿਹਾ, “ਅੱਜ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਚੋਣਾਂ ‘ਚ ਆਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਕੀਤਾ। ਉਮੀਦ ਕਰਦੇ ਹਾਂ..ਜੋ ਵੀ ਮਾਣਯੋਗ ਰਾਸ਼ਟਰਪਤੀ ਦੇ ਅਹੁਦੇ ‘ਤੇ ਬਿਰਾਜਮਾਨ ਹੋਣਗੇ..ਦੇਸ਼ ਦੀ ਤਰੱਕੀ, ਸਰਬ-ਸਾਂਝੀਵਾਲਤਾ, ਭਾਈਚਾਰਕ ਸਾਂਝ ਅਤੇ ਏਕਤਾ-ਅਖੰਡਤਾ ਬਰਕਰਾਰ ਰੱਖਣ ਲਈ ਕੰਮ ਕਰਨਗੇ...”।