ਰਾਸ਼ਟਰਪਤੀ ਚੋਣ ਨੂੰ ਲੈ ਕੇ ਅਕਾਲੀ ਦਲ ’ਚ ਬਗ਼ਾਵਤ, ਮਨਪ੍ਰੀਤ ਇਆਲੀ ਨੇ ਚੁੱਕੇ ਅਹਿਮ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਉਹਨਾਂ ਕਿਹਾ ਕਿ ਐਨਡੀਏ ਉਮੀਦਵਾਰ ਨੂੰ ਵੋਟ ਪਾਉਣ ਦੇ ਪਾਰਟੀ ਦੇ ਫੈਸਲੇ 'ਤੇ ਮੇਰੇ ਨਾਲ ਸਲਾਹ ਨਹੀਂ ਕੀਤੀ ਗਈ। ਇਸ ਸਬੰਧੀ ਸਿੱਖ ਕੌਮ ਦੀ ਰਾਏ ਵੀ ਨਹੀਂ ਲਈ ਗਈ।

Manpreet Singh Ayali

 

ਚੰਡੀਗੜ੍ਹ: ਰਾਸ਼ਟਰਪਤੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਬਗਾਵਤ ਹੋਈ ਹੈ। ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਭਾਜਪਾ ਸਮਰਥਿਤ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਨੇ ਇਸ ਚੋਣ ਦਾ ਬਾਈਕਾਟ ਕਰਨ ਅਤੇ ਕਿਸੇ ਨੂੰ ਵੋਟ ਨਾ ਪਾਉਣ ਦੀ ਗੱਲ ਕਹੀ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਫੈਸਲੇ ਤੋਂ ਬਾਅਦ ਪ੍ਰਧਾਨ ਸੁਖਬੀਰ ਬਾਦਲ ਨੇ ਮੁਰਮੂ ਦਾ ਸਮਰਥਨ ਕੀਤਾ ਸੀ। ਇਆਲੀ ਨੇ ਕਿਹਾ ਕਿ ਮੇਰਾ ਮੁਰਮੂ ਨਾਲ ਕੋਈ ਵਿਰੋਧ ਨਹੀਂ ਹੈ ਪਰ ਵੋਟ ਨਹੀਂ ਪਾਵਾਂਗਾ।

Manpreet Singh Ayali

ਮਨਪ੍ਰੀਤ ਇਆਲੀ ਨੇ ਕਿਹਾ ਕਿ ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ ਨਹੀਂ ਦਿੱਤੇ ਗਏ। ਚੰਡੀਗੜ੍ਹ 'ਤੇ ਪੰਜਾਬ ਦਾ ਹੱਕ ਹੈ ਪਰ ਅੱਜ ਤੱਕ ਪੰਜਾਬ ਨੂੰ ਨਹੀਂ ਦਿੱਤਾ ਗਿਆ। ਪੰਜਾਬ ਦੇ ਪਾਣੀਆਂ ਦੇ ਮਸਲੇ ਹੱਲ ਨਹੀਂ ਹੋਏ। ਕੇਂਦਰ ਦੀ ਕਾਂਗਰਸ ਸਰਕਾਰ ਨੇ ਵੀ ਐਸਵਾਈਐਲ ਨਹਿਰ ਨੂੰ ਜਬਰੀ ਕੱਢਣਾ ਸ਼ੁਰੂ ਕਰ ਦਿੱਤਾ। ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਅਤੇ ਦਰਬਾਰ ਸਾਹਿਬ 'ਤੇ ਹਮਲੇ ਕਰਵਾਏ। ਸਾਨੂੰ ਕਾਂਗਰਸ ਤੋਂ ਸਿੱਖ ਕੌਮ ਦੇ ਮਸਲੇ ਹੱਲ ਕਰਨ ਦੀ ਉਮੀਦ ਨਹੀਂ ਸੀ। ਸਾਨੂੰ ਭਾਜਪਾ ਤੋਂ ਬਹੁਤ ਉਮੀਦਾਂ ਸਨ ਪਰ ਉਸ ਨੇ ਵੀ ਕੁਝ ਨਹੀਂ ਕੀਤਾ।

Shiromani Akali Dal

ਕੇਂਦਰ ਵਿਚ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਵੀ ਮਸਲੇ ਹੱਲ ਨਹੀਂ ਹੋਏ। ਚਾਹੇ ਸਾਡੀ ਲੀਡਰਸ਼ਿਪ ਵਿਚ ਕਮੀਆਂ ਰਹੀਆਂ ਹੋਣ ਜਾ ਨਿੱਜੀ ਸਵਾਰਥ ਰਹੇ ਹੋਣ, ਕਾਰਨ ਪਤਾ ਨਹੀਂ ਕੀ ਹਨ। ਉਹਨਾਂ ਕਿਹਾ ਕਿ ਐਨਡੀਏ ਉਮੀਦਵਾਰ ਨੂੰ ਵੋਟ ਪਾਉਣ ਦੇ ਪਾਰਟੀ ਦੇ ਫੈਸਲੇ 'ਤੇ ਮੇਰੇ ਨਾਲ ਸਲਾਹ ਨਹੀਂ ਕੀਤੀ ਗਈ। ਇਸ ਸਬੰਧੀ ਸਿੱਖ ਕੌਮ ਦੀ ਰਾਏ ਵੀ ਨਹੀਂ ਲਈ ਗਈ। ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਵੀ ਗੱਲ ਕੀਤੀ। ਬਹੁਤੀਆਂ ਸਲਾਹਾਂ ਲੈਣ ਤੋਂ ਬਾਅਦ ਪੰਥ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਚੋਣ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ।

Manpreet Singh Ayali

ਮਨਪ੍ਰੀਤ ਇਆਲੀ ਨੇ ਕਿਹਾ ਕਿ ਪੰਜਾਬ ਅਤੇ ਸਿੱਖ ਕੌਮ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਹੁਤ ਆਸਾਂ ਹਨ। ਇਸ ਸਬੰਧੀ ਇਕਬਾਲ ਝੂੰਦਾਂ ਦੀ ਰਿਪੋਰਟ ਵਿਚ ਜੋ ਵੀ ਆਉਂਦਾ ਹੈ, ਉਸ ਨੂੰ ਲਾਗੂ ਕੀਤਾ ਜਾਵੇ। ਪਾਰਟੀ ਵਿਚ ਜੋ ਵੀ ਬਦਲਾਅ ਦੀ ਲੋੜ ਹੈ, ਉਹ ਜ਼ਰੂਰ ਕੀਤਾ ਜਾਵੇ ਤਾਂ ਜੋ ਪਾਰਟੀ ਮੁੜ ਤੋਂ ਲੋਕਾਂ ਦੀ ਸੇਵਾ ਕਰ ਸਕੇ। ਅਕਾਲੀ ਦਲ ਦੇ ਮਗਰ ਭੱਜਣ ਦੀ ਬਜਾਏ ਅਕਾਲੀ ਦਲ ਨੂੰ ਸਿੱਖਾਂ ਦੇ ਹੱਕਾਂ ਲਈ ਲੜਨਾ ਚਾਹੀਦਾ ਹੈ। ਇਸ ਨਾਲ ਲੋਕਾਂ ਦਾ ਭਰੋਸਾ ਵਧੇਗਾ।