ਲਖਨਊ : ਉੱਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ। ਇਸ ਵਿਚਕਾਰ ਸ਼ੁਕਰਵਾਰ ਨੂੰ ਰਾਜਧਾਨੀ ਲਖਨਊ 'ਚ ਹਿੰਦੂਵਾਦੀ ਆਗੂ ਕਮਲੇਸ਼ ਤਿਵਾਰੀ ਦੀ ਦਿਨ-ਦਿਹਾੜੇ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ। ਦੋਸ਼ ਹੈ ਕਿ ਲਖਨਊ ਦੇ ਖੁਰਸ਼ੀਦ ਬਾਗ 'ਚ ਰਹਿਣ ਵਾਲੇ ਹਿੰਦੂ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਕਮਲੇਸ਼ ਦੀ ਸ਼ੁਕਰਵਾਰ ਦੁਪਹਿਰ ਉਨ੍ਹਾਂ ਦੇ ਘਰ ਅੰਦਰ ਵੜ ਕੇ ਦੋ ਬਦਮਾਸ਼ਾਂ ਨੇ ਚਾਕੂ ਨਾਲ ਹੱਤਿਆ ਕਰ ਦਿੱਤੀ। ਦਸਿਆ ਜਾ ਰਿਹਾ ਹੈ ਕਿ ਹਮਲਾਵਰ ਮਠਿਆਈ ਦੇ ਡੱਬੇ 'ਚ ਚਾਕੂ ਲੈ ਕੇ ਆਏ ਸਨ। ਸ਼ਰੀਰ 'ਤੇ ਚਾਕੂ ਤੋਂ 15 ਤੋਂ ਵੱਧ ਵਾਰ ਕੀਤੇ ਗਏ ਹਨ। ਮੁਲਜ਼ਮਾਂ ਦੀ ਸੀਸੀਟੀਵੀ ਫ਼ੁਟੇਜ਼ ਵੀ ਸਾਹਮਣੇ ਆ ਗਈ ਹੈ।
ਜਾਣਕਾਰੀ ਮੁਤਾਬਕ ਭਗਵਾ ਕਪੜੇ ਪਹਿਨੇ ਦੋ ਬਦਮਾਸ਼ ਹੱਥ 'ਚ ਮਠਿਆਈ ਦਾ ਡੱਬਾ ਲੈ ਕੇ ਕਮਲੇਸ਼ ਤਿਵਾਰੀ ਨੂੰ ਮਿਲਣ ਉਨ੍ਹਾਂ ਦੇ ਘਰ ਆਏ ਸਨ। ਗੱਲਬਾਤ ਕਰ ਕੇ ਉਨ੍ਹਾਂ ਨੇ ਚਾਹ ਪੀਤੀ ਅਤੇ ਉਸ ਤੋਂ ਬਾਅਦ ਮਠਿਆਈ ਦੇ ਡੱਬੇ 'ਚ ਲੁਕਾ ਕੇ ਲਿਆਏ ਚਾਕੂ ਅਤੇ ਪਸਤੌਲ ਕੱਢ ਲਈ। ਉਨ੍ਹਾਂ ਨੇ ਚਾਕੂ ਨਾਲ 15 ਤੋਂ ਵੱਧ ਵਾਰ ਕੀਤੇ। ਇਸ ਤੋਂ ਬਾਅਦ ਗੋਲੀ ਮਾਰ ਕੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਖੂਨ ਨਾਲ ਸਣੇ ਕਮਲੇਸ਼ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਟੀਮ ਮੋਬਾਈਲ ਦੀ ਡਿਟੇਲ ਖੰਗਲਣ ਦੇ ਨਾਲ ਹੀ ਸਰਵੀਲਾਂਸ ਦੀ ਮਦਦ ਤੋਂ ਮੁਲਜ਼ਮਾਂ ਦੀ ਭਾਲ 'ਚ ਜੁੱਟ ਗਈ ਹੈ। ਦਸਿਆ ਜਾ ਰਿਹਾ ਹੈ ਕਿ ਇਕ ਨੇ ਗਲਾ ਵੱਢਿਆ ਅਤੇ ਦੂਜੇ ਨੇ ਗੋਲੀ ਮਾਰੀ। ਕਮਲੇਸ਼ ਦੀ ਹੱਤਿਆ ਤੋਂ ਬਾਅਦ ਇਲਾਕੇ 'ਚ ਤਰਥੱਲੀ ਮੱਚ ਗਈ। ਉਨ੍ਹਾਂ ਦੇ ਸਮਰਥਕਾਂ ਨੇ ਖੁਰਸ਼ੀਦ ਬਾਗ਼ ਕਾਲੋਨੀ 'ਚ ਪ੍ਰਦਰਸ਼ਨ ਕੀਤਾ। ਘਟਨਾ ਵਾਲੀ ਥਾਂ 'ਤੇ ਵੱਡੀ ਗਿਣਤੀ ਵਿਚ ਪੁਲਿਸ ਟੀਮ ਅਤੇ ਪੀ.ਏ.ਸੀ. ਦੀ ਤਾਇਨਾਤੀ ਕੀਤੀ ਗਈ ਹੈ।
ਵਿਵਾਦਾਂ 'ਚ ਰਹੇ ਕਮਲੇਸ਼ ਤਿਵਾਰੀ :
ਕਮਲੇਸ਼ ਤਿਵਾਰੀ ਆਪਣੀ ਬਿਆਨਬਾਜ਼ੀ ਕਾਰਨ ਕਈ ਵਾਰ ਵਿਵਾਦਾਂ 'ਚ ਆ ਚੁੱਕੇ ਹਨ। ਉਹ ਦੋ ਵਾਰ ਗ੍ਰਿਫ਼ਤਾਰ ਵੀ ਹੋਏ ਸਨ। ਤਿਵਾਰੀ 'ਤੇ ਕੁਝ ਪੱਤਰਕਾਰਾਂ ਨੂੰ ਧਮਕਾਉਣ ਦਾ ਵੀ ਦੋਸ਼ ਲੱਗਿਆ ਸੀ। ਇਕ ਵਾਰ ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਦੇ ਸਨਮਾਨ 'ਚ ਮੰਦਰ ਬਣਵਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਮੁਸਲਿਸ ਸਮਾਜ ਵਿਰੁਧ ਕਈ ਵਾਰ ਭੜਕਾਉ ਬਿਆਨ ਦਿੱਤੇ ਸਨ। ਪੈਗੰਬਰ ਮੁਹੰਮਦ ਵਿਰੁਧ ਉਨ੍ਹਾਂ ਨੇ ਵਿਵਾਦਤ ਬਿਆਨ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਵਿਰੁਧ ਰਾਸੁਕਾ ਵੀ ਲੱਗ ਚੁੱਕਾ ਹੈ। ਇਕ ਮੁਸਲਿਮ ਸੰਗਠਨ ਨੇ ਉਨ੍ਹਾਂ ਦਾ ਸਿਰ ਕਲਮ ਕਰਨ ਦਾ ਫ਼ਤਵਾ ਵੀ ਜਾਰੀ ਕੀਤਾ ਸੀ। ਕੁਝ ਸਾਲ ਪਹਿਲਾਂ ਤਿਵਾਰੀ ਨੇ ਬਾਲੀਵੁਡ ਅਦਾਕਾਰ ਆਮਿਰ ਖ਼ਾਨ ਦੀ ਟਿਪਣੀ 'ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਦਾ ਸਿਰ ਕਲਮ ਕਰਨ 'ਤੇ ਇਨਾਮ ਦਾ ਐਲਾਨ ਕੀਤਾ ਸੀ।