ਅਮਰੀਕਾ ਵਿਚ ਭਾਰਤੀ ਮੂਲ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਦੀ ਹੱਤਿਆ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਸੰਦੀਪ ਸਿੰਘ ਧਾਲੀਵਾਲ, ਇਕ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸਨ।

Sandeep Singh Dhaliwal

ਟੈਕਸਾਸ: ਅਮਰੀਕਾ ਦੇ ਟੈਕਸਾਸ ਵਿਚ ਭਾਰਤੀ ਮੂਲ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਸ਼ੁੱਕਰਵਾਰ ਨੂੰ ਟੈਕਸਾਸ ਦੇ ਉੱਤਰ ਪੱਛਮ ਹੈਰਿਸ ਕਾਊਂਟੀ 'ਚ ਟ੍ਰੈਫਿਕ ਰੋਕਣ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਸੀਨੀਅਰ ਅਧਿਕਾਰੀ ਐਡ ਗੋਂਜ਼ਾਲੇਜ ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ, ਇਕ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸਨ, ਜਿਨ੍ਹਾਂ ਦੀ ਮੌਤ ਤੋਂ ਬਾਅਦ ਟੈਕਸਾਸ ਸੂਬੇ ‘ਚ ਸੋਗ ਦੀ ਲਹਿਰ ਛਾ ਗਈ ਹੈ।

ਐਡ ਗੋਂਜ਼ਾਲੇਜ਼ ਨੇ ਦੱਸਿਆ ਕਿ ਸੰਦੀਪ ਧਾਲੀਵਾਲ ਨੇ ਇਕ ਆਦਮੀ ਅਤੇ ਔਰਤ ਦੇ ਵਾਹਨ ਨੂੰ ਰੋਕਿਆ ਅਤੇ ਉਨ੍ਹਾਂ ਵਿਚੋਂ ਇਕ ਨੇ ਬਾਹਰ ਨਿਕਲ ਕੇ ਸੰਦੀਪ 'ਤੇ ਦੋ ਗੋਲੀਆਂ ਚਲਾਈਆਂ। ਅਧਿਕਾਰੀ ਨੇ ਦੱਸਿਆ ਕਿ ਸੰਦੀਪ 10 ਸਾਲਾਂ ਤੋਂ ਇਸ ਵਿਭਾਗ ਵਿਚ ਕੰਮ ਕਰ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਨਿਸ਼ਾਨਾ ਲਾਉਣ ਵਾਲੇ ਨੂੰ ਇਕ ਸ਼ਾਪਿੰਗ ਸੈਂਟਰ ਦੇ ਨਜ਼ਦੀਕ ਦੌੜਦਾ ਵੇਖਿਆ ਗਿਆ। ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਡੈਸ਼ਕੈਮ ਵੀਡੀਓ ਨੂੰ ਦੇਖ ਕੇ ਸ਼ੂਟਰ ਦੀ ਪਛਾਣ ਕਰਨ 'ਚ ਕਾਮਯਾਬ ਹੋ ਗਏ, ਜੋ ਕਿ ਹੁਣ ਪੁਲਿਸ ਦੀ ਹਿਰਾਸਤ ਵਿਚ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਜਿਸ ਵਾਹਨ ਨੂੰ ਚਲਾ ਰਿਹਾ ਸੀ ਉਹ ਮਿਲ ਗਿਆ ਹੈ ਅਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੰਦੂਕਧਾਰੀ ਅਤੇ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਕਮਿਸ਼ਨਰ ਐਡਰੀਅਨ ਗਾਰਸੀਆ ਨੇ ਦੱਸਿਆ ਕਿ ਸੰਦੀਪ ਧਾਲੀਵਾਲ ਵਿਆਹਿਆ ਹੋਇਆ ਸੀ ਅਤੇ ਤਿੰਨ ਬੱਚਿਆਂ ਦਾ ਪਿਤਾ ਸੀ।  ਕਮਿਸ਼ਨਰ ਨੇ ਕਿਹਾ ਕਿ ਡਿਪਟੀ ਸੰਦੀਪ ਧਾਲੀਵਾਲ ਇਕ ਮਿਹਨਤੀ, ਹਿੰਮਤ ਵਾਲਾ ਅਤੇ ਇਮਾਨਦਾਰ ਆਦਮੀ ਸੀ. ਉਹ ਬਹੁਤ ਸਾਰੇ ਲੋਕਾਂ ਲਈ ਇਕ ਮਿਸਾਲ ਸੀ। ਉਸ ਨੇ ਸਤਿਕਾਰ ਅਤੇ ਮਾਣ ਨਾਲ ਆਪਣੇ ਭਾਈਚਾਰੇ ਦੀ ਨੁਮਾਇੰਦਗੀ। ਉਹਨਾਂ ਨੇ ਸਿੱਖਾਂ ਨੂੰ ਇਕਜੁੱਟ ਕਰਨ ਲਈ ਬਹੁਤ ਕੰਮ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।