ਭਿਆਨਕ ਸੜਕ ਹਾਦਸੇ 'ਚ 14 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਸਾਂ ਕੱਢੀਆਂ ਬੱਸ 'ਚ ਫਸੀਆਂ ਹੋਈਆਂ ਸਵਾਰੀਆਂ

14 killed as bus, truck collide in Rajasthan's Bikaner

ਬੀਕਾਨੇਰ: ਰਾਜਸਥਾਨ ਦੇ ਬੀਕਾਨੇਰ ਵਿਚ 24 ਘੰਟੇ ਦੌਰਾਨ ਦੋ ਵੱਖ-ਵੱਖ ਭਿਆਨਕ ਸੜਕ ਹਾਦਸਿਆਂ ਵਿਚ 14 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਪੂਰੇ ਬੀਕਾਨੇਰ ਵਿਚ ਸੋਗ ਦੀ ਲਹਿਰ ਦੌੜ ਗਈ। ਪਹਿਲਾ ਹਾਦਸਾ ਉਦੋਂ ਹੋਇਆ ਜਦੋਂ ਇਕ ਕਾਰ ਸੜਕ ਕਿਨਾਰੇ ਬੈਠੇ ਲੋਕਾਂ ਨੂੰ ਦਰੜਦੀ ਹੋਈ ਨਿਕਲ ਗਈ, ਜਦਕਿ ਦੂਜਾ ਹਾਦਸਾ ਇਕ ਬੱਸ ਅਤੇ ਇਕ ਟਰੱਕ ਵਿਚਕਾਰ ਹੋਇਆ।

ਸੋਮਵਾਰ ਸਵੇਰੇ ਬੀਕਾਨੇਰ ਕੋਲ ਸ੍ਰੀ ਡੂੰਗਰਗੜ੍ਹ ਵਿਖੇ ਨੈਸ਼ਨਲ ਹਾਈਵੇਅ–11 'ਤੇ ਸਵੇਰੇ ਉਸ ਸਮੇਂ ਚੀਕ ਚਿਹਾੜਾ ਮਚ ਗਿਆ ਜਦੋਂ ਇਕ ਟਰੱਕ ਅਤੇ ਬੱਸ ਵਿਚਕਾਰ ਭਿਆਨਕ ਟੱਕਰ ਗਈ ਅਤੇ ਇਸ ਦਰਦਨਾਕ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਗਈ ਜਦਕਿ 20 ਤੋਂ 25 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਬੱਸ ਵਿਚ ਅੱਗ ਲੱਗ ਜਾਣ ਦੀ ਵੀ ਖ਼ਬਰ ਹੈ, ਜਿਸ ਵਿਚ ਕਈ ਸਵਾਰੀਆਂ ਬੁਰੀ ਤਰ੍ਹਾਂ ਝੁਲਸ ਗਈਆਂ। ਸਾਰੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਮ੍ਰਿਤਕਾਂ ਦੀ ਗਿਣਤੀ ਹੋਰ ਵੱਧਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਹਾਦਸੇ ਮਗਰੋਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਸਵਾਰੀਆਂ ਨਾਲ ਭਰੀ ਬੱਸ ਦਾ ਅੱਗੇ ਦਾ ਹਿੱਸਾ ਬੁਰੀ ਤਰ੍ਹਾਂ ਤਬਾਹ ਹੋ ਗਿਆ। ਕਈ ਸਵਾਰੀਆਂ ਦੀਆਂ ਲਾਸ਼ਾਂ ਵਿਚ ਫਸ ਗਈਆਂ, ਜਿਨ੍ਹਾਂ ਨੂੰ ਕੱਢਣ ਲਈ ਕਾਫ਼ੀ ਮਸ਼ੱਕਤ ਕਰਨੀ ਪਈ।

ਇਸੇ ਤਰ੍ਹਾਂ ਐਤਵਾਰ ਨੂੰ ਵੀ ਸ੍ਰੀਡੂੰਗਰਗੜ੍ਹ ਵਿਚ ਜੈਪੁਰ ਹਾਈਵੇਅ 'ਤੇ ਲਖਾਸਰ ਪਿੰਡ ਦੇ ਬੱਸ ਸਟੈਂਡ 'ਤੇ ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਬੈਠੇ ਚਾਰ ਲੋਕਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਦੌਰਾਨ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਸਵਾਰ ਸਮੇਤ ਇਕ ਮੋਟਰਸਾਈਕਲ ਚਾਲਕ ਨੂੰ ਵੀ ਸੱਟਾਂ ਵੱਜੀਆਂ। ਜ਼ਖ਼ਮੀਆਂ ਨੂੰ ਬੀਕਾਨੇਰ ਦੇ ਪੀਬੀਐਮ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਜੋ ਲੋਕ ਜੈਪੁਰ ਹਾਈਵੇਅ 'ਤੇ ਹਾਦਸੇ ਦਾ ਸ਼ਿਕਾਰ ਹੋਏ, ਉਹ ਦਰਅਸਲ ਬੱਸ ਸਟੈਂਡ 'ਤੇ ਬੱਸ ਦਾ ਇੰਤਜ਼ਾਰ ਕਰ ਰਹੇ ਸਨ, ਇਸੇ ਦੌਰਾਨ ਬੀਕਾਨੇਰ ਤੋਂ ਸ੍ਰੀਡੂੰਗਰਗੜ੍ਹ ਵੱਲ ਜਾ ਰਹੀ ਤੇਜ਼ ਰਫ਼ਤਾਰ ਕਾਰ ਸੜਕ ‘ਤੇ ਉਤਰੀ ਅਤੇ ਚਾਰ ਲੋਕਾਂ ਨੂੰ ਕੁਚਲਦੀ ਹੋਈ ਅੱਗੇ ਨਿਕਲ ਗਈ। 24 ਘੰਟੇ ਦੌਰਾਨ ਬੀਕਾਨੇਰ ਵਿਚ ਵਾਪਰੇ ਇਨ੍ਹਾਂ ਦੋ ਹਾਦਸਿਆਂ ਕਾਰਨ ਪੂਰੇ ਬੀਕਾਨੇਰ ਵਿਚ ਸੋਗ ਦਾ ਮਾਹੌਲ ਹੈ ਕਿਉਂਕਿ ਇਨ੍ਹਾਂ ਦੋਵੇਂ ਹਾਦਸਿਆਂ ਵਿਚ 14 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।