ਸਾਰੇ ਮੁੱਦਿਆਂ 'ਤੇ ਚਰਚਾ ਲਈ ਤਿਆਰ ਹਾਂ : ਮੋਦੀ, ਅੱਜ ਤੋਂ ਸ਼ੂਰੂ ਹੋਵੇਗਾ ਸੰਸਦ ਦਾ ਸਰਦ-ਰੁੱਤ ਇਜਲਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਐਤਵਾਰ ਨੂੰ ਬੁਲਾਈ ਗਈ ਸਰਬਪਾਰਟੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿਤਾ ਕਿ ਸਰਕਾਰ ਸਾਰੇ..

Narender Modi

ਨਵੀਂ ਦਿੱਲੀ  : ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਐਤਵਾਰ ਨੂੰ ਬੁਲਾਈ ਗਈ ਸਰਬਪਾਰਟੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿਤਾ ਕਿ ਸਰਕਾਰ ਸਾਰੇ ਮੁੱਦਿਆਂ 'ਤੇ ਚਰਚਾ ਲਈ ਤਿਆਰ ਹੈ ਜਦਕਿ ਵਿਰੋਧੀ ਧਿਰ ਨੇ ਲੋਕ ਸਭਾ ਸੰਸਦ ਮੈਂਬਰ ਫ਼ਾਰੂਕ ਅਬਦੁੱਲਾ ਦੀ ਹਿਰਾਸਤ ਦੇ ਮੁੱਦੇ ਨੂੰ ਪੁਰਜ਼ੋਰ ਢੰਗ ਨਾਲ ਚੁਕਿਆ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਸਦਨ ਵਿਚ ਹਿੱਸਾ ਲੈਣ ਦੀ ਆਗਿਆ ਦਿਤੀ ਜਾਵੇ।

ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਦਸਿਆ ਕਿ ਸਰਕਾਰ ਦੁਆਰਾ ਬੁਲਾਈ ਗਈ ਬੈਠਕ ਵਿਚ ਵਿਰੋਧੀ ਧਿਰ ਨੇ ਮੰਗ ਕੀਤੀ ਕਿ 18 ਨਵੰਬਰ ਤੋਂ ਸ਼ੁਰੂ ਹੋ ਰਹੇ ਇਜਲਾਸ ਦੌਰਾਨ ਆਰਥਕ ਮੰਦੀ, ਬੇਰੁਜ਼ਗਾਰੀ ਅਤੇ ਖੇਤੀ ਸੰਕਟ ਦੇ ਮੁੱਦਿਆਂ 'ਤੇ ਚਰਚਾ ਹੋਣੀ ਚਾਹੀਦੀ ਹੈ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੰਸਦ ਦਾ ਸੱਭ ਤੋਂ ਅਹਿਮ ਕੰਮ ਚਰਚਾ ਅਤੇ ਬਹਿਸ ਕਰਨਾ ਹੈ।

27 ਪਾਰਟੀਆਂ ਦੇ ਮੈਂਬਰਾਂ ਨੇ ਬੈਠਕ ਵਿਚ ਹਿੱਸਾ ਲਿਆ। ਜੋਸ਼ੀ ਮੁਤਾਬਕ ਮੋਦੀ ਨੇ ਕਿਹਾ ਕਿ ਇਹ ਇਜਲਾਸ ਵੀ ਪਿਛਲੇ ਇਜਲਾਸ ਜਿੰਨਾ ਹੀ ਫਲਦਾਇਕ ਹੋਣਾ ਚਾਹੀਦਾ ਹੈ। ਉਨ੍ਹਾਂ ਮੋਦੀ ਦੇ ਕਥਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਸਦਨ ਦੇ ਨਿਯਮਾਂ ਅਤੇ ਕਵਾਇਦ ਦੇ ਦਾਇਰੇ ਵਿਚ ਸਾਰੇ ਮੁੱਦਿਆਂ 'ਤੇ ਚਰਚਾ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਬੈਠਕ ਵਿਚ ਕਿਹਾ ਕਿ ਸੰਸਦ ਵਿਚ ਰਚਨਾਤਕਮ ਚਰਚਾ ਨੌਕਰਸ਼ਾਹੀ ਨੂੰ ਵੀ ਚੌਕਸ ਰਖਦੀ ਹੈ। ਸੂਤਰਾਂ ਨੇ ਦਸਿਆ ਕਿ ਵਿਰੋਧੀ ਆਗੂਆਂ ਨੇ ਫ਼ਾਰੂਕ ਅਬਦੁੱਲਾ ਦੀ ਹਿਰਾਸਤ ਦਾ ਮੁੱਦਾ ਚੁਕਿਆ।

ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ, 'ਕਿਸੇ ਸੰਸਦ ਮੈਂਬਰ ਨੂੰ ਨਾਜਾਇਜ਼ ਰੂਪ ਵਿਚ ਹਿਰਾਸਤ ਵਿਚ ਕਿਵੇਂ ਲਿਆ ਜਾ ਸਕਦਾ ਹੈ? ਉਨ੍ਹਾਂ ਨੂੰ ਸੰਸਦ ਦੇ ਇਜਲਾਸ ਵਿਚ ਹਿੱਸਾ ਲੈਣ ਦੀ ਆਗਿਆ ਦਿਤੀ ਜਾਣੀ ਚਾਹੀਦੀ ਹੈ।

ਬੈਠਕ ਵਿਚ ਮੋਦੀ ਤੋਂ ਇਲਾਵਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕਈ ਹੋਰ ਸੀਨੀਅਰ ਵਿਰੋਧੀ ਆਗੂਆਂ ਨੇ ਹਿੱਸਾ ਲਿਆ। ਲੋਕ ਸਭਾ ਸਪੀਕਰ ਓਮ ਬਿੜਲਾ ਨੇ ਕਲ ਸਾਰੀਆਂ ਰਾਜਸੀ ਪਾਰਟੀਆਂ ਨੂੰ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਅਪੀਲ ਕੀਤੀ ਸੀ। 18 ਨਵੰਬਰ ਤੋਂ ਸ਼ੁਰੂ ਹੋਣ ਵਾਲਾ ਸਰਦ ਰੁੱਤ ਦਾ ਇਜਲਾਸ ਲਗਭਗ ਇਕ ਮਹੀਨੇ ਤਕ ਚੱਲੇਗਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।