ਗੁਜਰਾਤ ਹਾਦਸੇ 'ਤੇ ਪੀਐਮ ਮੋਦੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਤੜਕੇ 3 ਵਜੇ ਟੈਂਪੂ ਤੇ ਡੰਪਰ ਵਿਚਾਲੇ ਹੋਈ ਭਿਆਨਕ ਟੱਕਰ, 11 ਲੋਕਾਂ ਦੀ ਮੌਤ
ਵਡੋਦਰਾ: ਗੁਜਰਾਤ ਦੇ ਵਡੋਦਰਾ ਵਿਚ ਟੈਂਪੂ ਅਤੇ ਡੰਪਰ ਵਿਚਕਾਰ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਸਬੰਧੀ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, ''ਵਡੋਦਰਾ 'ਚ ਵਾਪਰੇ ਹਾਦਸੇ ਤੋਂ ਦੁਖੀ ਹਾਂ। ਮੇਰੀ ਹਮਦਰਦੀ ਉਨ੍ਹਾਂ ਲੋਕਾਂ ਦੇ ਨਾਲ ਹੈ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਲਿਆ ਹੈ ਅਤੇ ਪ੍ਰਮਾਤਮਾ ਕੋਲ ਪ੍ਰਾਰਥਨਾ ਕਰਦਾ ਹਾਂ ਕਿ ਜੋ ਲੋਕ ਜ਼ਖ਼ਮੀ ਹੋਏ ਹਨ, ਉਹ ਜਲਦੀ ਠੀਕ ਹੋ ਜਾਣ। ਹਾਦਸੇ ਵਾਲੀ ਥਾਂ 'ਤੇ ਪ੍ਰਸ਼ਾਸਨ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ।''
ਦੱਸ ਦਈਏ ਕਿ ਵਾਘੋਡੀਆ ਕ੍ਰਾਸਿੰਗ ਹਾਈਵੇਅ 'ਤੇ ਬੁੱਧਵਾਰ ਸਵੇਰੇ ਟੈਂਪੂ ਤੇ ਡੰਪਰ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ 19 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਸਵੇਰੇ 3 ਵਜੇ ਵਾਪਰਿਆ।
ਮ੍ਰਿਤਕਾਂ ਵਿਚ 1 ਬੱਚੇ ਅਤੇ 5 ਔਰਤਾਂ ਵੀ ਸ਼ਾਮਲ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਇਸ ਘਟਨਾ 'ਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਨੇ ਵੀ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, 'ਵਡੋਦਰਾ ਕੋਲ ਇਕ ਸੜਕ ਹਾਦਸੇ ਕਾਰਨ ਜਾਨਮਾਲ ਦੇ ਨੁਕਸਾਨ ਤੋਂ ਦੁਖੀ ਹਾਂ। ਅਧਿਕਾਰੀਆਂ ਨੂੰ ਸਾਰੀਆਂ ਜ਼ਰੂਰਤਾਂ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਜੋ ਲੋਕ ਜ਼ਖਮੀ ਹੋਏ, ਉਹ ਜਲਦ ਹੀ ਠੀਕ ਹੋ ਜਾਣ। ਮੈਂ ਵਿਛੜੀਆਂ ਰੂਹਾਂ ਲਈ ਅਰਦਾਸ ਕਰਦਾ ਹਾਂ'।