ਪੁਲਿਸ ਅਧਿਕਾਰੀ ਨੂੰ ਜਿਉਂਦਾ ਸਾੜਨ ਦੇ ਦੋਸ਼ 'ਚ ਅਦਾਲਤ ਵੱਲੋਂ 30 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

2011 'ਚ ਜਿਉਂਦਾ ਸਾੜ ਦਿੱਤਾ ਸੀ ਪੁਲਿਸ ਅਧਿਕਾਰੀ

Image

 

ਜੈਪੁਰ - ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਦੀ ਵਿਸ਼ੇਸ਼ ਅਦਾਲਤ ਨੇ ਫ਼ੂਲ ਮੁਹੰਮਦ ਕਤਲ ਕੇਸ ਵਿੱਚ ਸ਼ੁੱਕਰਵਾਰ ਨੂੰ ਤਤਕਾਲੀ ਡਿਪਟੀ ਸੁਪਰਡੈਂਟ ਆਫ਼ ਪੁਲਿਸ ਸਮੇਤ 30 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਜ਼ਾ ਸ਼ੁੱਕਰਵਾਰ ਨੂੰ ਸੁਣਾਈ।

ਇਸ ਤੋਂ ਪਹਿਲਾਂ ਸੀ.ਬੀ.ਆਈ. ਦੇ ਕੇਸਾਂ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਤਤਕਾਲੀ ਪੁਲਿਸ ਡਿਪਟੀ ਸੁਪਰਡੈਂਟ ਮਹਿੰਦਰ ਸਿੰਘ ਸਮੇਤ 30 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ 49 ਲੋਕਾਂ ਨੂੰ ਬਰੀ ਕਰ ਦਿੱਤਾ ਸੀ। 

ਸੀ.ਬੀ.ਆਈ. ਦੇ ਵਕੀਲ ਸ਼੍ਰੀਦਾਸ ਸਿੰਘ ਨੇ ਸਵਾਈ ਮਾਧੋਪੁਰ ਤੋਂ ਦੱਸਿਆ, "ਅਦਾਲਤ ਨੇ ਇਸ ਮਾਮਲੇ ਵਿੱਚ ਤਤਕਾਲੀ ਪੁਲਿਸ ਡਿਪਟੀ ਸੁਪਰਡੈਂਟ ਸਮੇਤ 30 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਸ਼ੁੱਕਰਵਾਰ ਨੂੰ ਸਜ਼ਾ ਸੁਣਾਉਂਦੇ ਹੋਏ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਅਤੇ ਵੱਖ-ਵੱਖ ਧਾਰਾਵਾਂ ਤਹਿਤ ਵੱਖੋ-ਵੱਖ ਰਾਸ਼ੀ ਦਾ ਜੁਰਮਾਨਾ ਲਗਾਇਆ। 

ਜ਼ਿਕਰਯੋਗ ਹੈ ਕਿ ਥਾਣਾ ਮੁਖੀ ਫ਼ੂਲ ਮੁਹੰਮਦ 17 ਮਾਰਚ 2011 ਨੂੰ ਪਿੰਡ ਸੁਰਵਾਲ ਗਿਆ ਸੀ, ਜਿੱਥੇ ਇੱਕ ਵਿਅਕਤੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ ਸੀ। ਇੱਕ ਕਤਲ ਕੇਸ ਵਿੱਚ ਪੁਲਿਸ ਵੱਲੋਂ ਕਥਿਤ ਤੌਰ 'ਤੇ ਕਾਰਵਾਈ ਨਾ ਕਰਨ ਕਰਕੇ ਉਸ ਨੇ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਗੁੱਸੇ ਵਿੱਚ ਆਈ ਭੀੜ ਨੇ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਅਤੇ ਉਸ 'ਤੇ ਜੀਪ 'ਚ ਬੈਠੇ 'ਤੇ ਪਥਰਾਅ ਕਰ ਦਿੱਤਾ। 

ਪਥਰਾਅ ਕਾਰਨ ਪੁਲਿਸ ਅਧਿਕਾਰੀ ਫ਼ੂਲ ਮੁਹੰਮਦ ਆਪਣੀ ਜੀਪ ਵਿੱਚ ਬੇਹੋਸ਼ ਹੋ ਗਿਆ ਅਤੇ ਭੀੜ ਨੇ ਉਸ ਦੀ ਗੱਡੀ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਉਹ ਜਿਉਂਦਾ ਸੜ ਗਿਆ ਸੀ। ਘਟਨਾ ਤੋਂ ਬਾਅਦ ਸੂਬਾ ਸਰਕਾਰ ਨੇ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਸੀ ਅਤੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਸੀ।