New Delhi: ਬਰਤਾਨਵੀ ਦੌਰ ਦੀਆਂ ਸੱਤ ਹਜ਼ਾਰ ‘ਥ੍ਰੀ ਨਾਟ ਥ੍ਰੀ’ ਰਾਈਫਲਾਂ ਨੂੰ ਜਲਦ ਹਟਾਏਗੀ ਦਿੱਲੀ ਪੁਲਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

'ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿਚ ਵਿਆਪਕ ਤੌਰ 'ਤੇ ਵਰਤੀ ਗਈ ਸੀ'

File Photo

New Delhi: ਬਰਤਾਨਵੀ ਦੌਰ ਦੀਆਂ .303 ਰਾਈਫਲਾਂ, ਜੋ ਦਹਾਕਿਆਂ ਤੋਂ ਦਿੱਲੀ ਪੁਲਿਸ ਦਾ ਹਿੱਸਾ ਸਨ, ਨੂੰ ਜਲਦ ਹੀ ਪੁਲਿਸ ਫੋਰਸ ਤੋਂ ਹਟਾ ਦਿਤਾ ਜਾਵੇਗਾ।
ਦਿੱਲੀ ਪੁਲਿਸ ਅਨੁਸਾਰ, ਘੱਟੋ-ਘੱਟ 7,000 ਅਜਿਹੇ ਹਥਿਆਰ, ਜਿਨ੍ਹਾਂ ਨੂੰ 'ਥ੍ਰੀ-ਨਾਟ-ਥ੍ਰੀ' ਰਾਈਫਲਾਂ ਵਜੋਂ ਜਾਣਿਆ ਜਾਂਦਾ ਹੈ, ਨੂੰ ਫੋਰਸ ਤੋਂ ਹਟਾਏ ਜਾਣ ਦੀ ਤਿਆਰੀ ਚਲ ਰਹੀ ਹੈ। ਅਧਿਕਾਰੀ ਨੇ ਕਿਹਾ, ‘‘ਇਨ੍ਹਾਂ ਹਥਿਆਰਾਂ ਦੀ ਵਰਤੋਂ ਕਈ ਸਾਲ ਪਹਿਲਾਂ ਬੰਦ ਹੋ ਗਈ ਸੀ ਅਤੇ ਹੁਣ ਇਨ੍ਹਾਂ ਨੂੰ ਨਸ਼ਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।’’ ਇਹ .303 ਰਾਈਫਲਾਂ ਦਿੱਲੀ ਪੁਲਿਸ ਦੀ ਅਸਲਾ ਇਕਾਈ ’ਚ ਰੱਖੀਆਂ ਗਈਆਂ ਹਨ।

ਸੂਤਰਾਂ ਅਨੁਸਾਰ ਇਨ੍ਹਾਂ ਹਥਿਆਰਾਂ ਨੂੰ ਨਸ਼ਟ ਕਰਨ ਦੀ ਨਿਗਰਾਨੀ ਲਈ ਜੁਆਇੰਟ ਕਮਿਸ਼ਨਰ ਰੈਂਕ ਦੇ ਅਧਿਕਾਰੀ ਨੂੰ ਨਿਯੁਕਤ ਕੀਤਾ ਗਿਆ ਹੈ।
ਸੂਤਰਾਂ ਨੇ ਦਸਿਆ ਕਿ ਸਾਰੀ ਮੁਹਿੰਮ ਗ੍ਰਹਿ ਮੰਤਰਾਲੇ ਵਲੋਂ ਗਠਿਤ ਕਮੇਟੀ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ। .303 ਕੈਲੀਬਰ ਦੀ ਲੀ-ਐਨਫੀਲਡ ਰਾਈਫਲ ਸ਼ੁਰੂ ਵਿਚ ਬਰਤਾਨੀਆਂ ਦੇ ਹਥਿਆਰ ਕਾਰਖ਼ਾਨੇ ’ਚ ਬਣਾਈ ਗਈ ਸੀ ਅਤੇ ਪਹਿਲੀ ਅਤੇ ਦੂਜੀ ਵਿਸ਼ਵ ਜੰਗ ’ਚ ਵਿਆਪਕ ਪੱਧਰ ’ਤੇ ਵਰਤੀ ਗਈ ਸੀ।
ਭਾਰਤ ਵਿਚ ਇਹ ਰਾਈਫਲਾਂ ਭਾਰਤੀ ਫੌਜ ਵਲੋਂ 1962 ਵਿਚ ਚੀਨ-ਭਾਰਤ ਜੰਗ ਦੌਰਾਨ ਵਰਤੀਆਂ ਗਈਆਂ ਸਨ ਅਤੇ ਬਾਅਦ ਵਿਚ ਸੂਬਾ ਪੁਲਿਸ ਫ਼ੋਰਸਾਂ ਨੂੰ ਸੌਂਪ ਦਿਤੀਆਂ ਗਈਆਂ ਸਨ।

ਡਿਪਟੀ ਕਮਿਸ਼ਨਰ ਆਫ ਪੁਲਿਸ (ਪ੍ਰੋਵਿਜ਼ਨ ਐਂਡ ਲੌਜਿਸਟਿਕਸ) ਵਿਨੀਤ ਕੁਮਾਰ ਨੇ ਪੁਸ਼ਟੀ ਕੀਤੀ ਕਿ ਹਥਿਆਰਾਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਇਕ ਹੋਰ ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਹਥਿਆਰਾਂ ਵਿਚੋਂ ਹਰ ਇਕ ਦਾ ਵਜ਼ਨ ਕਰੀਬ ਪੰਜ ਕਿਲੋਗ੍ਰਾਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਥਿਆਰਾਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਲੰਮੀ ਹੈ। ਅਧਿਕਾਰੀ ਨੇ ਦਸਿਆ ਕਿ ਹਥਿਆਰਾਂ ਨੂੰ ਨਸ਼ਟ ਕਰਨ ਤੋਂ ਪਹਿਲਾਂ ਬੈਰਲ ਅਤੇ ਇਸ ਦੇ ਹੋਰ ਹਿੱਸਿਆਂ ਨੂੰ ਵੱਖ ਕਰ ਦਿਤਾ ਜਾਂਦਾ ਹੈ ਤਾਂ ਜੋ ਇਨ੍ਹਾਂ ਦੀ ਅੱਗੇ ਵਰਤੋਂ ਨਾ ਕੀਤੀ ਜਾ ਸਕੇ ਅਤੇ ਇਸ ਤੋਂ ਬਾਅਦ ਇਨ੍ਹਾਂ ਹਥਿਆਰਾਂ ਦਾ ਲੋਹਾ ਪਿਘਲਾ ਦਿਤਾ ਜਾਂਦਾ ਹੈ।

ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ ਦੇ ਪੁਲਿਸ ਬਲਾਂ ਨੇ ਪਹਿਲਾਂ ਹੀ .303 ਰਾਈਫਲ ਦੀ ਵਰਤੋਂ ਬੰਦ ਕਰ ਦਿੱਤੀ ਹੈ।

(For more news apart from Delhi Police will destroy .303 rifles, stay tuned to Rozana Spokesman)