ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਕ ਤੋਂ ਬਾਅਦ ਇਕ ਸਖ਼ਤ ਫ਼ੈਸਲੇ ਲੈਣ ਕਾਰਨ ਸੁਰਖੀਆਂ ਵਿਚ ਹਨ। ਮੰਚ ਭਾਵੇਂ ਸੰਸਦ 'ਚ ਬਹਿਸ਼ ਦਾ ਹੋਵੇ ਜਾਂ ਕਿਸੇ ਜਨਤਕ ਇਕੱਠ ਜਾਂ ਟੀਵੀ ਚੈਨਲ 'ਤੇ ਇੰਟਰਵਿਊ ਦੇਣ ਦਾ, ਉਨ੍ਹਾਂ ਦੀਆਂ ਬੇਬਾਕ ਟਿੱਪਣੀਆਂ ਦਿਲਚਸਪ ਵੀ ਹੁੰਦੀਆਂ ਹਨ। ਉਨ੍ਹਾਂ ਦੀ ਸ਼ਖ਼ਸੀਅਤ ਦਾ ਨਿਰਾਲਾਪਣ ਹੀ ਹੈ ਕਿ ਅਕਸ਼ੈ ਕੁਮਾਰ ਵਰਗੇ ਅਦਾਕਾਰ ਨੇ ਵੀ ਉਨ੍ਹਾਂ ਨੂੰ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿਤੀ ਹੈ।
ਅਕਸ਼ੈ ਨੇ ਗ੍ਰਹਿ ਮੰਤਰੀ ਦੀ ਸਿਹਤ ਪ੍ਰਤੀ ਚਿੰਤਾ ਪ੍ਰਗਟਾਉਦਿਆਂ ਇਕ ਖ਼ਾਸ ਤਰ੍ਹਾਂ ਦੀ ਸਲਾਹ ਵੀ ਦਿਤੀ ਹੈ। ਅਕਸ਼ੈ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਨੂੰ ਰਾਤ ਦੀ ਰੋਟੀ 6:30 ਤੋਂ ਪਹਿਲਾਂ ਖਾ ਲੈਣੀ ਚਾਹੀਦੀ ਹੈ। ਅਕਸ਼ੈ ਨੇ ਕੁੱਝ ਅਰਸਾਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ ਲਈ ਸੀ। ਇਸ ਦਾ ਹਵਾਲਾ ਦਿੰਦਿਆਂ ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਉਨ੍ਹਾਂ ਕੋਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਵੀ ਕੋਈ ਸਵਾਲ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਈ ਸਵਾਲ ਤਾਂ ਨਹੀਂ, ਪਰ ਇਹ ਸੁਝਾਅ ਜ਼ਰੂਰ ਹੈ।
ਅਕਸ਼ੈ ਕੁਮਾਰ ਨੇ ਕਿਹਾ ਕਿ ਮੈਂ ਅਮਿਤ ਸ਼ਾਹ ਜੀ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਕਿਰਪਾ ਕਰ ਕੇ ਉਹ ਅਪਣੀ ਸਿਹਤ ਦਾ ਧਿਆਨ ਰੱਖਣ। ਉਹ ਦੇਸ਼ ਦੀ ਬਹੁਤ ਹੀ ਅਹਿਮ ਸ਼ਖ਼ਸੀਅਤ ਹਨ। ਉਨ੍ਹਾਂ ਨੂੰ ਸ਼ਾਮ 6:30 ਵਜੇ ਤੋਂ ਬਾਅਦ ਖਾਣਾ ਨਾ ਖਾਣ ਦਾ ਸੁਝਾਅ ਦੇਣਾ ਚਾਹੁੰਦਾ ਹਾਂ।
ਅਕਸ਼ੈ ਕੁਮਾਰ ਨੇ ਅਪਣੇ ਸੁਝਾਅ ਨੂੰ ਪੁਖਤਾ ਸਾਬਤ ਕਰਨ ਦੇ ਮਕਸਦ ਨਾਲ ਸਾਸਤਰਾਂ ਦਾ ਹਵਾਲਾ ਵੀ ਦਿਤਾ। ਉਨ੍ਹਾਂ ਕਿਹਾ ਕਿ ਸ਼ਾਸਤਰਾਂ ਵਿਚ ਵੀ ਲਿਖਿਆ ਹੈ ਕਿ ਸੂਰਜ ਛਿਪਣ ਤੋਂ ਬਾਅਦ ਅੰਨ ਨਹੀਂ ਲੈਣਾ ਚਾਹੀਦਾ।
ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਸ਼ੈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਟਰਵਿਊ ਲਈ ਸੀ। ਇਸ ਦੌਰਾਨ ਅਕਸ਼ੈ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਈ ਸਵਾਲ ਪੁਛੇ ਸਨ। ਇਹ ਇੰਟਰਵਿਊ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਕੁੱਝ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਅਕਸ਼ੈ ਕੁਮਾਰ ਦਾ ਮਜ਼ਾਕ ਉਡਾਇਆ ਸੀ ਜਦਕਿ ਕੁੱਝ ਨੇ ਸਮਰਥਨ ਵੀ ਕੀਤਾ ਸੀ। ਅਕਸ਼ੈ ਨੇ ਇਸ ਇੰਟਰਵਿਊ ਨੂੰ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਸੀ।