ਪ੍ਰਦਰਸ਼ਨ ਤੋਂ ਬਾਅਦ ਜਾਮੀਆ ਦੇ ਵਿਦਿਆਰਥੀਆਂ ਨੇ ਰਾਤ ਨੂੰ ਕੀਤੀ ਕੈਂਪਸ ਦੀ ਸਫਾਈ
ਦਿੱਲੀ ਪੁਲਿਸ ਦੀ ਕਾਰਵਾਈ ਖਿਲਾਫ ਸੋਮਵਾਰ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਦੇ ਇਲਾਕੇ ਵਿਚ ਵਾਲੰਟੀਅਰਾਂ ਨੇ ਸੜਕਾਂ ਦੀ ਸਫਾਈ ਕੀਤੀ।
ਨਵੀਂ ਦਿੱਲੀ: ਜਾਮੀਆ ਮਿਲਿਆ ਇਸਲਾਮੀਆ ਕੈਂਪਸ ਵਿਚ ਪੁਲਿਸ ਦੀ ਕਾਰਵਾਈ ਤੋਂ ਇਕ ਦਿਨ ਬਾਅਦ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਜਾਣ ਵਾਲੀ ਸੜਕ ਦੀ ਕੀਤੀ ਗਈ ਸਫ਼ਾਈ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਅਤੇ ਕੈਂਪਸ ਵਿਚ ਦਿੱਲੀ ਪੁਲਿਸ ਦੀ ਕਾਰਵਾਈ ਖਿਲਾਫ ਸੋਮਵਾਰ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਦੇ ਇਲਾਕੇ ਵਿਚ ਵਾਲੰਟੀਅਰਾਂ ਨੇ ਸੜਕਾਂ ਦੀ ਸਫਾਈ ਕੀਤੀ।
ਸੋਮਵਾਰ ਦੇਰ ਸ਼ਾਮ ਵਿਰੋਧ ਖਤਮ ਹੋਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਕੈਂਪਸ ਦੇ ਗੇਟ ਤੋਂ ਬਾਹਰ ਜਮਾ ਕੂੜੇ ਨੂੰ ਦੇਖਿਆ ਅਤੇ ਖੁਦ ਹੀ ਸਾਫ ਕਰਨ ਦਾ ਫੈਸਲਾ ਕੀਤਾ। ਵੀਡੀਓ ਵਿਚ ਲੜਕਿਆਂ ਦਾ ਇਕ ਗਰੁੱਪ ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਵੀ ਕੂੜੇ ਨੂੰ ਸਾਫ ਕਰਦਾ ਦਿਖ ਰਿਹਾ ਹੈ ਅਤੇ ਉਸ ਨੂੰ ਪਲਾਸਟਿਕ ਬੈਗ ਵਿਚ ਪਾ ਕੇ ਸੜਕ ਕਿਨਾਰੇ ਰੱਖ ਰਿਹਾ ਹੈ। ਉਹਨਾਂ ਵਿਚੋਂ ਕੁਝ ਵਿਦਿਆਰਥੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ।
ਰਿਪੋਰਟ ਮੁਤਾਬਕ ਪ੍ਰਦਰਸ਼ਨ ਲਗਭਗ 10 ਵਜੇ ਬੰਦ ਹੋਇਆ। ਉਸ ਸਮੇਂ ਕੈਂਪਸ ਦੇ ਮੇਨ ਗੇਟ ਦੇ ਬਾਹਰ ਬਹੁਤ ਸਾਰਾ ਕੂੜਾ ਪਿਆ ਹੋਇਆ ਸੀ। 10 ਤੋਂ 12 ਵਿਦਿਆਰਥੀ ਉੱਥੇ ਮੌਜੂਦ ਸਨ। ਉਹਨਾਂ ਵਿਦਿਆਰਥੀਆਂ ਨੇ ਕੂੜੇ ਨੂੰ ਸਾਫ ਕਰਨ ਦਾ ਫੈਸਲਾ ਲਿਆ ਅਤੇ ਕੰਮ ਨੂੰ ਅੰਜ਼ਾਮ ਦਿੱਤਾ। ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਲੋਕ ਉਹਨਾਂ ਵੱਲੋਂ ਕੀਤੇ ਕੰਮ ਦੀਆਂ ਤਰੀਫਾਂ ਕਰ ਰਹੇ ਹਨ।