ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਲਈ ਲੰਗਰ ਲਾ ਕੇ ਸਿੱਖਾਂ ਨੇ ਜਿੱਤਿਆ ਦਿਲ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪੂਰੇ ਦੇਸ਼ ਵਿਚ ਲੋਕ ਅਪਣੀ ਅਵਾਜ਼ ਉਠਾ ਰਹੇ ਹਨ।

Langar

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪੂਰੇ ਦੇਸ਼ ਵਿਚ ਲੋਕ ਅਪਣੀ ਅਵਾਜ਼ ਉਠਾ ਰਹੇ ਹਨ। ਜਿੱਥੇ ਇਕ ਪਾਸੇ ਇਸ ਕਾਨੂੰਨ ਖਿਲਾਫ ਦਿੱਲੀ ਦੀ ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ ਅਤੇ ਦੇਸ਼ ਦੀਆਂ ਹੋਰ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਉੱਥੇ ਹੀ ਪੰਜਾਬ ਵਿਚ ਸਿੱਖ ਵਿਦਿਆਰਥੀ ਜਥੇਬੰਦੀਆ ਵੱਲੋਂ ਮੁਸਲਿਮ ਵਿਦਿਆਰਥੀਆਂ ਖਿਲਾਫ ਭਾਰਤ ਸਰਕਾਰ ਦੀ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਿਰੁੱਧ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਅਵਾਜ਼ ਬੁਲੰਦ ਕੀਤੀ ਗਈ ਹੈ।

ਇਸ ਮਗਰੋਂ ਸਿੱਖੀ ਦੇ ਇਕ ਹੋਰ ਅਹਿਮ ਪੱਖ 'ਸੇਵਾ' ਨੂੰ ਦੁਨੀਆ ਵਿਚ ਵਿਲੱਖਣ ਰੂਪ 'ਚ ਸਥਾਪਤ ਕਰਨ ਵਾਲੀ ਸੰਸਥਾ 'ਖਾਲਸਾ ਏਡ' ਦਿੱਲੀ ਵਿਚ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਅਤੇ ਵਿਦਿਆਰਥੀਆਂ 'ਤੇ ਪੁਲਿਸ ਜ਼ੁਲਮ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਲੰਗਰ ਵਰਤਾ ਰਹੀ ਹੈ।ਪ੍ਰਦਰਸ਼ਨ ਵਿਚ ਸ਼ਾਮਿਲ ਲੋਕਾਂ ਦੀ ਸੇਵਾ 'ਚ ਲੱਗੇ ਖਾਲਸਾ ਏਡ ਦੇ ਸੇਵਾਦਾਰਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

 


 

ਹੁਸੈਨ ਨਾਂਅ ਦੇ ਇਕ ਵਿਅਕਤੀ ਨੇ 15 ਸੈਕਿੰਡ ਦੀ ਇੱਕ ਵੀਡੀਓ ਟਵੀਟ ਕੀਤੀ ਹੈ ਜਿਸ ਵਿਚ ਖਾਲਸਾ ਏਡ ਦੇ ਸੇਵਾਦਾਰ ਦਿੱਲੀ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਿਲ ਲੋਕਾਂ ਨੂੰ ਚਾਹ ਪਿਲਾ ਰਹੇ ਹਨ। ਉਹਨਾਂ ਲਿਖਿਆ, "ਇਹ ਕਾਰਨ ਹੈ ਜਿਸ ਲਈ ਅਸੀਂ ਕਹਿੰਦੇ ਹਾਂ 'ਸਿੰਘ ਇਜ਼ ਕਿੰਗ'...ਇਹ ਵੀਡੀਓ ਸਿੱਖ ਭਰਾਵਾਂ ਦੀ ਹੈ ਜੋ ਇੰਡੀਆ ਗੇਟ 'ਤੇ ਪ੍ਰਦਰਸ਼ਨਕਾਰੀਆਂ ਨੂੰ ਚਾਹ ਦਾ ਲੰਗਰ ਛਕਾ ਰਹੇ ਹਨ..ਟਰੂਲੀ ਹੀਰੋਜ਼।"

ਇਕ ਵੀਡੀਓ ਸ਼ੇਅਰ ਕਰਦੇ ਹੋਏ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਕਿਹਾ ਦਿੱਲੀ ਅਤੇ ਭਾਰਤ ਦੇ ਪਿਆਰ ਸਿੱਖੋ...ਵਿਦਿਆਰਥੀਆਂ ਦੀ ਮਦਦ ਕਰੋ। ਇਨਸਾਨੀਅਤ ਸਿਆਸਤ ਤੋਂ ਉੱਪਰ ਹੈ! ਉਹਨਾਂ ਦੇ ਇਸ ਟਵੀਟ ਨੂੰ ਬਹੁਤ ਲਾਈਕ ਮਿਲ ਚੁੱਕੇ ਹਨ। ਇਸ ਟਵੀਟ ਰਾਹੀਂ ਰਵੀ ਸਿੰਘ ਨੇ ਸਿੱਖਾਂ ਨੂੰ ਵਿਦਿਆਰਥੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

 


 

ਇਸ ਦੇ ਨਾਲ ਹੀ ਰਵੀ ਸਿੰਘ ਨੇ ਫੇਸਬੁੱਕ ‘ਤੇ ਬਠਿੰਡਾ ਦੇ ਰਹਿਣ ਵਾਲੇ ਉਸ ਸਿੱਖ ਦੀ ਫੋਟੋ ਸ਼ੇਅਰ ਕੀਤੀ ਹੈ ਜੋ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਲਈ ਲੰਗਰ ਦੀ ਸੇਵਾ ਕਰ ਰਹੇ ਹਨ।