ਭਾਜਪਾ MP ਨੇ ਸਟੇਜ 'ਤੇ ਹੀ ਪਹਿਲਵਾਨ ਦੇ ਜੜਿਆ ਥੱਪੜ, ਜਾਣੋ ਕੀ ਹੈ ਪੂਰਾ ਮਾਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਂਚੀ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਇਕ ਪਹਿਲਵਾਨ ਨੂੰ ਸਟੇਜ 'ਤੇ ਹੀ ਥੱਪੜ ਜੜ ਦਿੱਤਾ।

BJP MP Slapping Wrestler On Stage At Sports Event

ਰਾਂਚੀ: ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਧਾਨ ਬ੍ਰਜ ਭੂਸ਼ਣ ਸ਼ਰਨ ਸਿੰਘ ਵਿਵਾਦਾਂ 'ਚ ਘਿਰ ਗਏ ਹਨ। ਰਾਂਚੀ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਇਕ ਪਹਿਲਵਾਨ ਨੂੰ ਸਟੇਜ 'ਤੇ ਹੀ ਥੱਪੜ ਜੜ ਦਿੱਤਾ। ਇਹ ਸਭ ਕੈਮਰੇ ਵਿਚ ਕੈਦ ਹੋ ਗਿਆ। ਇਸ ਦੇ ਵਿਰੋਧ ਵਿਚ ਬਾਕੀ ਪਹਿਲਵਾਨਾਂ ਨੇ ਹੰਗਾਮਾ ਖੜਾ ਕਰ ਦਿੱਤਾ। ਦਰਅਸਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਹੀਦ ਗਣਪਤ ਰਾਏ ਇਨਡੋਰ ਸਟੇਡੀਅਮ 'ਚ ਅੰਡਰ-15 ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਸੀ।

ਉੱਤਰ ਪ੍ਰਦੇਸ਼ ਦੀ ਕੈਸਰਗੰਜ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬ੍ਰਜ ਭੂਸ਼ਣ ਸ਼ਰਨ ਸਿੰਘ ਬਤੌਰ ਮੁੱਖ ਮਹਿਮਾਨ ਸਮਾਰੋਹ ਵਿਚ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾ ਉਮਰ ਦੇ ਚਲਦਿਆਂ ਪਹਿਲਵਾਨ ਨੂੰ ਮੁਕਾਬਲੇ ਵਿਚ ਹਿੱਸਾ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਤਕਨੀਕੀ ਅਧਾਰ ’ਤੇ ਉਸ ਨੂੰ ਅਯੋਗ ਘੋਸ਼ਿਤ ਕਰ ਦਿੱਤਾ ਗਿਆ। ਉਸ ਪਹਿਲਵਾਨ ਨੇ ਪ੍ਰਤੀਯੋਗਿਤਾ ਦੀ ਤਕਨੀਕੀ ਟੀਮ ਦੇ ਸਾਹਮਣੇ ਪਹਿਲਾਂ ਇਤਰਾਜ਼ ਜਤਾਇਆ, ਇਸ ਤੋਂ ਬਾਅਦ ਪਹਿਲਵਾਨ ਨੇ ਸਟੇਜ 'ਤੇ ਪਹੁੰਚ ਕੇ ਯੂਨੀਅਨ ਦੇ ਪ੍ਰਧਾਨ ਬ੍ਰਜ ਭੂਸ਼ਣ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ।

 ਇਸ ਦੌਰਾਨ ਕਾਫੀ ਸਮਝਾਉਣ ਤੋਂ ਬਾਅਦ ਵੀ ਜਦੋਂ ਪਹਿਲਵਾਨ ਸਟੇਜ ਤੋਂ ਨਾ ਉਤਰਿਆ ਅਤੇ ਉਥੇ ਹੀ ਰੌਲਾ ਪਾਉਂਦਾ ਰਿਹਾ। ਉਦੋਂ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਪਹਿਲਵਾਨ ਨੂੰ ਸਾਰਿਆਂ ਦੇ ਸਾਹਮਣੇ ਥੱਪੜ ਮਾਰ ਕੇ ਸਟੇਜ ਤੋਂ ਭਜਾ ਦਿੱਤਾ। ਇਸ ਤੋਂ ਬਾਅਦ ਸਾਰਿਆਂ ਨੇ ਪਹਿਲਵਾਨ ਨੂੰ ਸਟੇਜ ਤੋਂ ਹੇਠਾਂ ਉਤਾਰਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਬ੍ਰਜ ਭੂਸ਼ਣ ਸਿੰਘ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਲਈ ਕੋਈ ਥਾਂ ਨਹੀਂ ਹੈ। ਜੇਕਰ ਪਹਿਲਵਾਨ ਨੂੰ ਵੱਡੀ ਉਮਰ ਦੇ ਹੋਣ ਦੇ ਬਾਵਜੂਦ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਂਦੀ ਤਾਂ ਇਸ ਦਾ ਹੋਰ ਪਹਿਲਵਾਨਾਂ 'ਤੇ ਬੁਰਾ ਪ੍ਰਭਾਵ ਪੈਂਦਾ। ਝਾਰਖੰਡ ਕੁਸ਼ਤੀ ਸੰਘ ਦੇ ਪ੍ਰਧਾਨ ਭੋਲਾਨਾਥ ਨੇ ਵੀ ਇਸ ਗੱਲ ਦਾ ਸਮਰਥਨ ਕੀਤਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਓਵਰਏਜ ਇਕ ਵੱਡੀ ਸਮੱਸਿਆ ਹੈ, ਸਪੋਰਟਸ ਅਥਾਰਟੀ ਨੂੰ ਇਸ 'ਤੇ ਗੌਰ ਕਰਕੇ ਇਸ 'ਤੇ ਰੋਕ ਲਗਾਉਣੀ ਚਾਹੀਦੀ ਹੈ।