ਭਾਜਪਾ ਸਰਕਾਰ 'ਤੇ ਵਰ੍ਹੇ ਰਾਹੁਲ ਗਾਂਧੀ, 'ਇਹ ਹਿੰਦੂਆਂ ਦਾ ਦੇਸ਼ ਹੈ, ਹਿੰਦੂਤਵਵਾਦੀਆਂ ਦਾ ਨਹੀਂ'

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਮਹਿੰਗਾਈ ਹਟਾਓ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੈਲੀ ਮਹਿੰਗਾਈ ਬਾਰੇ ਹੈ, ਬੇਰੁਜ਼ਗਾਰੀ ਬਾਰੇ ਹੈ, ਆਮ ਲੋਕਾਂ ਨੂੰ ਹੋ ਰਹੇ ਦਰਦ ਬਾਰੇ ਹੈ।

Congress leader Rahul Gandhi

ਜੈਪੁਰ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜੈਪੁਰ ਵਿਚ ਮਹਿੰਗਾਈ ਹਟਾਓ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੈਲੀ ਮਹਿੰਗਾਈ ਬਾਰੇ ਹੈ, ਬੇਰੁਜ਼ਗਾਰੀ ਬਾਰੇ ਹੈ, ਆਮ ਲੋਕਾਂ ਨੂੰ ਹੋ ਰਹੇ ਦਰਦ ਬਾਰੇ ਹੈ। ਅੱਜ ਦੇਸ਼ ਦੀ ਹਾਲਤ ਸਭ ਨੂੰ ਨਜ਼ਰ ਆ ਰਹੀ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਸਾਰਾ ਧਿਆਨ ਚਾਰ-ਪੰਜ ਪੂੰਜੀਪਤੀਆਂ 'ਤੇ ਹੈ। ਭਾਰਤ ਦੀਆਂ ਸਾਰੀਆਂ ਸੰਸਥਾਵਾਂ ਇਕ ਸੰਸਥਾ ਦੇ ਹੱਥ ਵਿਚ ਹਨ।

ਉਹਨਾਂ ਕਿਹਾ ਕਿ ਮੰਤਰੀ ਦੇ ਦਫਤਰ 'ਚ ਆਰਐੱਸਐੱਸ ਦਾ ਓਐੱਸਡੀ, ਲੋਕ ਦੇਸ਼ ਨਹੀਂ ਚਲਾ ਰਹੇ। ਦੇਸ਼ ਨੂੰ ਤਿੰਨ-ਚਾਰ ਪੂੰਜੀਪਤੀ ਚਲਾ ਰਹੇ ਹਨ। ਸਾਡੇ ਪ੍ਰਧਾਨ ਮੰਤਰੀ ਪੂੰਜੀਪਤੀਆਂ ਦਾ ਕੰਮ ਕਰ ਰਿਹਾ ਹੈ। ਨੋਟਬੰਦੀ ਹੋਈ, ਜੀਐਸਟੀ ਲਾਗੂ ਹੋਇਆ, ਕਾਲੇ ਕਾਨੂੰਨ ਬਣੇ ਅਤੇ ਕੋਰੋਨਾ ਕਾਲ ਵਿਚ ਦੇਸ਼ ਦੇ ਲੋਕਾਂ ਦੀ ਹਾਲਤ ਵੇਖੀ। ਇਹਨਾਂ ਗੱਲਾਂ 'ਤੇ ਬੋਲਣ ਤੋਂ ਪਹਿਲਾਂ, ਮੈਂ ਅੱਜ ਤੁਹਾਡੇ ਨਾਲ ਇੱਕ ਹੋਰ ਗੱਲ ਕਰਨਾ ਚਾਹੁੰਦਾ ਹਾਂ। ਦੇਸ਼ ਅੱਗੇ ਕਿਹੜੀ ਜੰਗ ਹੈ?

ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਦੋ ਲੋਕਾਂ ਵਿਚ ਇਕ ਆਤਮਾ ਨਹੀਂ ਹੋ ਸਕਦੀ। ਇਸੇ ਤਰ੍ਹਾਂ ਦੋ ਸ਼ਬਦਾਂ ਦਾ ਇਕੋ ਅਰਥ ਨਹੀਂ ਹੋ ਸਕਦਾ। ਅੱਜ ਦੇਸ਼ ਦੀ ਰਾਜਨੀਤੀ ਵਿਚ ਦੋ ਸ਼ਬਦਾਂ ਦੀ ਟੱਕਰ ਹੈ, ਪਹਿਲਾ ਸ਼ਬਦ ਹਿੰਦੂ ਅਤੇ ਦੂਜਾ ਸ਼ਬਦ ਹਿੰਦੂਤਵ। ਦੋਵੇਂ ਵੱਖ-ਵੱਖ ਸ਼ਬਦ ਹਨ। ਮੈਂ ਹਿੰਦੂ ਹਾਂ ਪਰ ਹਿੰਦੂਤਵਵਾਦੀ ਨਹੀਂ। ਮਹਾਤਮਾ ਗਾਂਧੀ ਹਿੰਦੂ, ਗੋਡਸੇ ਹਿੰਦੂਤਵਵਾਦੀ, ਇਹੀ ਫਰਕ ਹੈ। ਚਾਹੇ ਕੁਝ ਵੀ ਹੋ ਜਾਵੇ ਹਿੰਦੂ ਸੱਚ ਦੀ ਭਾਲ ਕਰਦਾ ਹੈ। ਇਕ ਹਿੰਦੂ ਆਪਣਾ ਸਾਰਾ ਜੀਵਨ ਸੱਚ ਦੀ ਖੋਜ ਵਿਚ ਲਗਾ ਦਿੰਦਾ ਹੈ।

ਜਦਕਿ ਹਿੰਦੂਤਵਵਾਦੀ ਆਪਣੀ ਸਾਰੀ ਉਮਰ ਸੱਤਾ ਦੀ ਭਾਲ ਅਤੇ ਸੱਤਾ ਪ੍ਰਾਪਤੀ ਵਿਚ ਲਗਾ ਦਿੰਦੇ ਹਨ। ਉਹ ਸੱਤਾ ਲਈ ਕਿਸੇ ਨੂੰ ਵੀ ਮਾਰ ਦੇਵੇਗਾ। ਹਿੰਦੂ ਦਾ ਮਾਰਗ ਸੱਤਿਆਗ੍ਰਹਿ ਹੈ ਅਤੇ ਹਿੰਦੂਤਵ ਦਾ ਮਾਰਗ ਸੱਤਾਗ੍ਰਹਿ ਹੁੰਦਾ ਹੈ। ਰਾਹੁਲ ਗਾਂਧੀ ਨੇ ਕਿਹਾ- ਦੇਸ਼ ਦੀ ਸਰਕਾਰ ਕਹਿੰਦੀ ਹੈ ਕਿ ਕੋਈ ਕਿਸਾਨ ਸ਼ਹੀਦ ਨਹੀਂ ਹੋਇਆ। ਮੈਂ ਪੰਜਾਬ, ਹਰਿਆਣਾ ਤੋਂ ਲੈ ਕੇ ਪੰਜ ਸੌ ਲੋਕਾਂ ਦੀ ਸੂਚੀ ਦਿੱਤੀ ਹੈ। ਉਹਨਾਂ ਨੂੰ  ਕਿਹਾ ਕਿ ਪੰਜਾਬ ਸਰਕਾਰ ਨੇ ਮੁਆਵਜ਼ਾ ਦਿੱਤਾ ਹੈ, ਤੁਸੀਂ ਵੀ ਦਿਓ।