ਚੋਰ ਮਸ਼ੀਨ ਹੈ ਈਵੀਐਮ : ਫਾਰੁਕ ਅਬਦੁੱਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹਨਾਂ ਕਿਹਾ ਕਿ ਈਵੀਐਮ ਚੋਰ ਮਸ਼ੀਨ ਹੈ, ਈਮਾਨਦਾਰੀ ਨਾਲ ਕਹਿ ਰਿਹਾ ਹਾਂ ਕਿ ਇਸ ਦੀ ਵਰਤੋਂ 'ਤੇ ਰੋਕ ਲਗਣੀ ਚਾਹੀਦੀ ਹੈ।

Farooq Abdullah

ਕੋਲਕੱਤਾ : ਕੋਲਕੱਤਾ ਵਿਚ ਪੰਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰੈਲੀ ਵਿਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਕ ਅਬਦੁੱਲਾ ਵੀ ਪਹੁੰਚੇ। ਇਸ ਮੌਕੇ ਉਹਨਾਂ ਨੇ ਈਵੀਐਮ ਨੂੰ ਚੋਰ ਮਸ਼ੀਨ ਕਰਾਰ ਦਿੰਦੋ ਹੋਏ ਕਿਹਾ ਕਿ ਇਹ ਕਿਸੇ ਇਕ ਵਿਅਕਤੀ ਨੂੰ ਸੱਤਾ ਤੋਂ ਬਾਹਰ ਕੱਢਣ ਦੀ ਗੱਲ ਨਹੀਂ ਹੈ, ਸਗੋਂ ਇਹ ਦੇਸ਼ ਨੂੰ ਬਚਾਉਣ ਅਤੇ ਅਜ਼ਾਦੀ ਦੀ ਲੜਾਈ ਲੜਨ ਵਾਲਿਆਂ ਦੀ ਕੁਰਬਾਨੀ ਦਾ ਸਨਮਾਨ ਕਰਨ ਦੀ ਗੱਲ ਹੈ।

 ਉਹਨਾਂ ਕਿਹਾ ਕਿ ਈਵੀਐਮ ਚੋਰ ਮਸ਼ੀਨ ਹੈ, ਈਮਾਨਦਾਰੀ ਨਾਲ ਕਹਿ ਰਿਹਾ ਹਾਂ ਕਿ ਇਸ ਦੀ ਵਰਤੋਂ 'ਤੇ ਰੋਕ ਲਗਣੀ ਚਾਹੀਦੀ ਹੈ। ਦੁਨੀਆਂ ਵਿਚ ਕਿਤੇ ਵੀ ਮਸ਼ੀਨ ਦੀ ਵਰਤੋਂ ਨਹੀਂ ਹੁੰਦੀ ਹੈ। ਈਵੀਐਮ ਦੀ ਵਰਤੋਂ ਤੇ ਰੋਕ ਲਗਾਉਣ ਅਤੇ ਪਾਰਦਰਸ਼ਿਤਾ ਦੇ ਲਈ ਪਰਚੀ ਰਾਹੀਂ ਵੋਟਾਂ (ਬੈਲੇਟ) ਦੇ ਸਿਸਟਮ ਨੂੰ  ਮੜ ਤੋਂ ਲਿਆਉਣ ਲਈ ਵਿਰੋਧੀ ਦਲਾਂ ਨੂੰ ਚੋਣ ਕਮਿਸ਼ਨਰ ਅਤੇ ਭਾਰਤ ਦੇ ਰਾਸ਼ਟਰਪਤੀ ਨਾਲ ਮਿਲਣਾ ਚਾਹੀਦਾ ਹੈ। 

ਫਾਰੁਕ ਅਬਦੁੱਲਾ ਨੇ ਕਿਹਾ ਕਿ ਭਗਵਾ ਪਾਰਟੀ ਤਿੰਨ ਤਲਾਕ ਬਿੱਲ ਲਈ ਸੰਸਦ ਵਿਚ ਤਾਂ ਖੜੀ ਹੋਈ ਪਰ ਮਹਿਲਾ ਰਾਖਵਾਂਕਰਨ ਬਿੱਲ ਉਹਨਾਂ ਨੇ ਪਾਸ ਨਹੀਂ ਹੋਣ ਦਿਤਾ। ਉਹਨਾਂ ਕਿਹਾ ਕਿ ਸਾਨੂੰ ਭਾਰਤ ਨੂੰ ਮਜ਼ਬੂਤ ਕਰਨਾ ਪਵੇਗਾ। ਉਸ ਲਈ ਸਾਰੇ ਦਲਾਂ ਦੇ ਨੇਤਾਵਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੌਣ ਪ੍ਰਧਾਨ ਮੰਤਰੀ ਬਣੇਗਾ। ਪਰ ਪਹਿਲਾਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੋਦੀ ਸਰਕਾਰ ਨੂੰ ਕਿਸ ਤਰ੍ਹਾਂ ਹਟਾਉਣਾ ਹੈ। 

ਦੇਸ਼ ਦੀ ਖ਼ੁਸ਼ਹਾਲੀ ਲਈ ਇਸ ਸਰਕਾਰ ਨੂੰ ਹਟਾਉਣਾ ਪਵੇਗਾ। ਇਸ ਰੈਲੀ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ ਮੋਦੀ ਨੇ ਸੀਬੀਆਈ ਅਤੇ ਈਡੀ ਜਿਹੀਆਂ ਸੰਸਥਾਵਾਂ ਨੂੰ ਬਦਨਾਮ ਕਰ ਦਿਤਾ ਹੈ। ਉਹਨਾਂ ਕਿਹਾ ਕਿ ਚੰਗੀਆਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਆਂ ਜਾਣ, ਪਰ ਚੰਗੇ ਦਿਨ ਨਹੀਂ ਆਉਣਗੇ। ਹੁਣ ਭਾਜਪਾ ਨੂੰ ਹਟਾਉਣਾ ਪਵੇਗਾ।