ਸ਼ਿਵਸੈਨਾ ਨੇ ਅਮਿਤ ਸ਼ਾਹ ਦੀ ਧਮਕੀ 'ਤੇ ਕੀਤਾ ਪਲਟਵਾਰ, ਈਵੀਐਮ ਨਾਲ ਗਠਜੋੜ ਕਰੇਗੀ ਭਾਜਪਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਿਵਸੈਨਾ ਨੇ ਸ਼ਾਹ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਅਮਿਤ ਸ਼ਾਹ ਦੇ ਇਸ ਭੜਕਾਊ ਬਿਆਨ ਨਾਲ ਉਹਨਾਂ ਦੀ ਅਤੇ ਪਾਰਟੀ ਦੀ ਸੋਚ ਸਾਹਮਣੇ ਆ ਗਈ ਹੈ।

Shiv Sena chief Uddhav Thackeray

ਨਵੀਂ ਦਿੱਲੀ : ਆਉਣ ਵਾਲੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਸ਼ਿਵਸੈਨਾ ਅਤੇ ਭਾਜਪਾ ਵਿਚਕਾਰ ਵਿਵਾਦ ਜਾਰੀ ਹੈ। ਭਾਜਪਾ ਮੁਖੀ ਅਮਿਤ ਸ਼ਾਹ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਸ਼ਿਵਸੈਨਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਾਬਕਾ ਗਠਜੋੜ 'ਤੇ ਭਾਜਪਾ ਮੁਖੀ ਦੇ ਬਿਆਨ ਤੋਂ ਇਹ ਸਪਸ਼ਟ ਹੈ ਕਿ ਉਹਨਾਂ ਨੂੰ ਹਿੰਦੂਤਵ ਵਿਚ ਯਕੀਨ ਰੱਖਣ ਵਾਲੇ ਲੋਕਾਂ ਦੇ ਨਾਲ ਕੰਮ ਕਰਨ ਵਿਚ ਜਿਆਦਾ ਦਿਲਚਸਪੀ ਨਹੀਂ ਹੈ। ਭਾਜਪਾ ਨੂੰ ਈਵੀਐਮ 'ਤੇ ਜਿਆਦਾ ਭਰੋਸਾ ਹੈ।

ਇਸ ਲਈ ਸ਼ਿਵਸੈਨਾ ਇਕਲੇ ਚੋਣ ਲੜਨ ਲਈ ਤਿਆਰ ਹੈ। ਐਨਡੀਏ ਦੀ ਸੱਭ ਤੋਂ ਪੁਰਾਣੀ ਸਹਿਯੋਗੀ ਸ਼ਿਵਸੈਨਾ ਨੇ ਸਾਫ ਕਰ ਦਿਤਾ ਹੈ ਕਿ ਭਾਜਪਾ ਦਾ ਪੱਖ ਸਪਸ਼ਟ ਨਹੀਂ ਹੈ। ਦੱਸ ਦਈਏ ਕਿ ਅਮਿਤ ਸ਼ਾਹ ਨੇ ਮਹਾਰਾਸ਼ਟਰਾ ਦੇ ਲਾਤੂਰ ਵਿਖੇ ਸ਼ਿਵਸੈਨਾ ਦਾ ਸਿੱਧੇ ਤੌਰ 'ਤੇ ਨਾਮ ਨਾ ਲੈਂਦੇ ਹੋਏ ਚਿਤਾਵਨੀ ਦਿਤੀ ਸੀ ਕਿ ਜੇਕਰ ਗਠਜੋੜ ਹੁੰਦਾ ਹੈ ਤਾਂ ਪਾਰਟੀ ਅਪਣੇ ਸਹਿਯੋਗੀ ਦਲਾਂ ਦੀ ਜਿੱਤ ਨੂੰ ਯਕੀਨੀ ਬਣਾਵੇਗੀ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਪਾਰਟੀ ਆਉਣ ਵਾਲੀਆਂ ਲੋਕਸਭਾ ਚੋਣਾਂ ਵਿਚ ਅਪਣੇ ਸਾਬਕਾ ਸਹਿਯੋਗੀਆਂ ਨੂੰ ਕਰਾਰੀ ਹਾਰ ਦੇਵੇਗੀ।

ਸ਼ਿਵਸੈਨਾ ਨੇ ਸ਼ਾਹ ਦੇ ਇਸ ਬਿਆਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਅਮਿਤ ਸ਼ਾਹ ਦੇ ਇਸ ਭੜਕਾਊ ਬਿਆਨ ਨਾਲ ਉਹਨਾਂ ਦੀ ਅਤੇ ਪਾਰਟੀ ਦੀ ਸੋਚ ਸਾਹਮਣੇ ਆ ਗਈ ਹੈ। ਸ਼ਿਵਸੈਨਾ ਮੁਖੀ ਨੇ ਇਸ ਦੇਸ਼ ਦੇ ਲੋਕਾਂ ਦੀ ਭਾਵਨਾਵਾਂ ਨੂੰ 'ਪਹਿਲਾਂ ਮੰਦਰ ਫਿਰ ਸਰਕਾਰ' ਕਹਿ ਕੇ ਬਿਆਨ ਕੀਤਾ ਸੀ, ਪਰ ਉਸ ਬਿਆਨ ਨੇ ਭਾਜਪਾ ਨੂੰ ਜ਼ਮੀਨ ਤੋਂ ਦੂਰ ਕਰ ਦਿਤਾ ਅਤੇ ਹੁਣ ਉਹਨਾਂ ਦੀ ਜ਼ੁਬਾਨ ਫਿਸਲ ਰਹੀ ਹੈ।

ਸ਼ਿਵਸੈਨਾ ਨੇ ਕਿਹਾ ਕਿ ਪੰਜ ਰਾਜਾਂ ਦੇ ਨਤੀਜਿਆਂ ਨੇ ਇਹ ਸਾਫ ਕਰ ਦਿਤਾ ਹੈ ਕਿ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੀ ਥਾਂ ਦਿਖਾਉਣੀ ਸ਼ੁਰੂ ਕਰ ਦਿਤੀ ਹੈ।  ਘੱਟ ਤੋਂ ਘੱਟ 40 ਸੀਟਾਂ 'ਤੇ ਜਿੱਤ ਦੇ ਦਾਅਵੇ ਨੇ ਸਾਫ ਕਰ ਦਿਤਾ ਹੈ ਕਿ ਉਹ ਈਵੀਐਮ ਨਾਲ ਗਠਜੋੜ ਕਰਨ ਜਾ ਰਹੇ ਹਨ। ਮਹਾਰਾਸ਼ਟਰਾ ਵਿਚ ਭਾਜਪਾ ਦੇ ਨਾਲ ਗਠਜੋੜ ਨੂੰ ਲੈ ਕੇ ਸ਼ਿਵਸੈਨਾ ਬੇਯਕੀਨੀ ਹੈ।