RSS ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ‘ਚ 3 ਗ੍ਰਿਫ਼ਤਾਰ, ਡੀ ਕੰਪਨੀ ਨਾਲ ਲਿੰਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਖੋਜ ਅਤੇ ਵਿਸ਼ਲੇਸ਼ਣ ਵਿੰਗ ਅਤੇ ਦਿੱਲੀ ਪੁਲਿਸ ਨੇ ਸੰਯੁਕਤ ਰੂਪ ਨਾਲ ਇਕ ਵੱਡੇ ਆਪਰੇਸ਼ਨ....

Dawood Ibrahim

ਨਵੀਂ ਦਿੱਲੀ : ਖੋਜ ਅਤੇ ਵਿਸ਼ਲੇਸ਼ਣ ਵਿੰਗ ਅਤੇ ਦਿੱਲੀ ਪੁਲਿਸ ਨੇ ਸੰਯੁਕਤ ਰੂਪ ਨਾਲ ਇਕ ਵੱਡੇ ਆਪਰੇਸ਼ਨ ਨੂੰ ਅੰਜਾਮ ਦਿਤਾ ਹੈ। ਜਿਸ ਵਿਚ ਪਾਕਿਸਤਾਨ ਦੀ ਖੁਫ਼ਿਆ ਏਜੰਸੀ ਆਈਐਸਆਈ ਅਤੇ ਡੀ ਕੰਪਨੀ ਦੀ ਸਾਜਿਸ਼ ਦਾ ਖੁਲਾਸਾ ਹੋਇਆ ਹੈ। ਆਈਐਸਆਈ ਅਤੇ ਡੀ ਕੰਪਨੀ ਨੇ ਮਿਲ ਕੇ ਭਾਰਤ ਵਿਚ ਦੰਗੇ ਕਰਵਾਉਣ ਲਈ ਸਾਜਿਸ਼ ਰਚੀ ਸੀ। ਜਿਸ ਦਾ ਪਰਦਾਫਾਸ਼ ਕਰਦੇ ਹੋਏ ਦਿੱਲੀ ਪੁਲਿਸ ਅਤੇ ਰਾਅ ਨੇ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਲੋਕਾਂ ਵਿਚ ਇਕ ਅਫ਼ਗਾਨੀਸਤਾਨ ਦਾ ਰਹਿਣ ਵਾਲਾ ਹੈ। ਇਨ੍ਹਾਂ ਤਿੰਨਾਂ ਵਿਚ ਅਫ਼ਗਾਨੀਸਤਾਨ ਦਾ ਰਹਿਣ ਵਾਲਾ ਮੁਹੰਮਦ ਵੀ ਸ਼ਾਮਲ ਹੈ।

ਜਦੋਂ ਕਿ ਬਾਕੀ ਦੋਨੋਂ ਭਾਰਤੀ ਹਨ। ਜਿਨ੍ਹਾਂ ਵਿਚ ਸੋਨੂ ਉਰਫ਼ ਤਹਸੀਮ ਕੇਰਲ ਦਾ ਰਹਿਣ ਵਾਲਾ ਹੈ। ਜਦੋਂ ਕਿ ਰਿਆਜੁਦੀਨ ਦਿੱਲੀ ਦਾ ਨਿਵਾਸੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਇਕ ਦੋਸ਼ੀ ਅੰਡਰਵਰਲਡ ਡੋਨ ਦਾਊਦ ਇਬਰਾਹੀਮ ਦੇ ਕਰੀਬੀ ਗੁਲਾਮ ਰਸੂਲ ਪੱਟੀ ਦਾ ਆਦਮੀ ਹੈ। ਇਨ੍ਹਾਂ ਦੋਸ਼ੀਆਂ ਤੋਂ ਪੁੱਛ-ਗਿੱਛ ਵਿਚ ਖੁਲਾਸਾ ਹੋਇਆ ਹੈ ਕਿ ਦੱਖਣ ਭਾਰਤ ਵਿਚ ਰਾਸ਼ਟਰੀ ਸਵੈ-ਸੇਵਕ ਸੰਘ ਦੇ ਕਈ ਨੇਤਾ ਇਨ੍ਹਾਂ ਦੇ ਨਿਸ਼ਾਨੇ ਉਤੇ ਸਨ। ਜਿਨ੍ਹਾਂ ਦੀ ਹੱਤਿਆ ਦੀ ਬਿਉਤ ਬਣਾਈ ਜਾ ਰਹੀ ਸੀ।

ਇਸ ਸਾਜਿਸ਼ ਵਿਚ ਸਿਰਫ਼ ਪਾਕਿਸਤਾਨ ਦੀ ਖੁਫ਼ਿਆ ਏਜੰਸੀ ਆਈਐਸਆਈ ਹੀ ਨਹੀਂ ਸਗੋਂ ਦਾਊਦ ਇਬਰਾਹੀਮ ਗਰੋਹ ਦਾ ਵੀ ਹੱਥ ਦੱਸਿਆ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਆਰਐਸਐਸ ਨੇਤਾਵਾਂ ਦੀ ਹੱਤਿਆ ਦੇ ਪਿੱਛੇ ਦਾ ਮਕਸਦ ਭਾਰਤ ਵਿਚ ਦੰਗੇ ਫੈਲਾਉਣਾ ਸੀ। ਇਸ ਦੇ ਲਈ ਮੁਹੰਮਦ ਨੂੰ ਖਾਸ ਤੌਰ ਤੋਂ ਟ੍ਰੇਨਿੰਗ ਦੇ ਕੇ ਕਾਬਲ ਤੋਂ ਭਾਰਤ ਭੇਜਿਆ ਗਿਆ ਸੀ। ਇਸ ਪੂਰੀ ਖੇਡ ਦੇ ਪਿੱਛੇ ਉਹ ਸ਼ਖਸ ਦੱਸਿਆ ਜਾ ਰਿਹਾ ਹੈ, ਜੋ ਹਰੇਨ ਪਾਂਡਿਆ ਦੀ ਹੱਤਿਆ ਦੀ ਸਾਜਿਸ਼ ਵਿਚ ਸ਼ਾਮਲ ਰਿਹਾ ਹੈ। ਇਸ ਸ਼ਖਸ ਦਾ ਨਾਮ ਹੈ ਗੁਲਾਮ ਰਸੂਲ ਪੱਟੀ।

ਇਹ ਗੁਜਰਾਤ ਦਾ ਹੀ ਰਹਿਣ ਵਾਲਾ ਹੈ ਅਤੇ ਉਥੇ ਹੋਏ 2002 ਵਿਚ ਦੰਗੀਆਂ ਦੇ ਬਾਅਦ ਫ਼ਰਾਰ ਹੋ ਗਿਆ ਸੀ। ਹੁਣ ਆਰਐਸਐਸ ਨੇਤਾਵਾਂ ਦੀ ਹੱਤਿਆ ਦੀ ਸਾਜਿਸ਼ ਰਚ ਦੇਸ਼ ਦਾ ਮਾਹੌਲ ਵਿਗਾੜਨ ਦੀ ਬਿਉਤ ਰਚਣ ਵਾਲਾ ਵੀ ਇਹ ਰਸੂਲ ਪੱਟੀ ਦੱਸਿਆ ਜਾ ਰਿਹਾ ਹੈ। ਏਜੰਸੀਆਂ ਨੇ ਦੱਸਿਆ ਕਿ ਰਸੂਲ ਪੱਟੀ ਨੇ ਹੀ ਇਸ ਗਰੁੱਪ ਨੂੰ ਲੀਡ ਕੀਤਾ ਹੈ।