''ਕਰਤਾਰਪੁਰ ਕਨਵੈਨਸ਼ਨ ਆਈਐਸਆਈ ਦਾ ਗੇਮ ਪਲਾਨ'' : ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਸਿੱਖਜ਼ ਫਾਰ ਜਸਟਿਸ (ਐਸ.ਐਫ.ਜੇ.) ਵੱਲੋਂ ਪੰਜਾਬ ਨੂੰ ਭਾਰਤ ਤੋਂ 'ਆਜ਼ਾਦ' ਕਰਾਉਣ....

Captain Amrinder Singh

ਚੰਡੀਗੜ (ਸ.ਸ.ਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਸਿੱਖਜ਼ ਫਾਰ ਜਸਟਿਸ (ਐਸ.ਐਫ.ਜੇ.) ਵੱਲੋਂ ਪੰਜਾਬ ਨੂੰ ਭਾਰਤ ਤੋਂ 'ਆਜ਼ਾਦ' ਕਰਾਉਣ ਲਈ ਪਾਕਿਸਤਾਨ ਦੀ ਮਦਦ ਮੰਗਣ ਬਾਰੇ ਦਿੱਤੇ ਬਿਆਨ ਨਾਲ ਇਸ ਜਥੇਬੰਦੀ ਦੇ ਨਾਪਾਕ ਇਰਾਦਿਆਂ ਅਤੇ ਪਾਕਿਸਤਾਨੀ ਫ਼ੌਜ ਅਤੇ ਆਈ.ਐਸ.ਆਈ. ਨਾਲ ਗੰਢਤੁੱਪ ਦਾ ਪਰਦਾਫਾਸ਼ ਹੋਇਆ ਹੈ। ਐਸ.ਐਫ.ਜੇ. ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਬਿੱਲੀ ਹੁਣ ਪੂਰੀ ਤਰਾਂ ਥੈਲੇ ਵਿੱਚੋਂ ਬਾਹਰ ਆ ਗਈ ਹੈ ਅਤੇ ਐਸ.ਐਫ.ਜੇ. ਅਤੇ ਪਾਕਿਸਤਾਨੀ ਫ਼ੌਜ ਦੇ ਡੂੰਘੇ ਸਬੰਧਾਂ ਦੀ ਹਕੀਕਤ ਜੱਗ ਜ਼ਾਹਰ ਹੋ ਚੁਕੀ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਇਸ ਬਿਆਨ ਨੇ ਐਸ.ਐਫ.ਜੇ. ਦੇ ਉਸ ਝੂਠ ਤੋਂ ਵੀ ਪਰਦਾ ਚੁੱਕ ਦਿੱਤਾ ਹੈ ਜਿਸ ਵਿੱਚ ਖਾਲਿਸਤਾਨ ਦੇ ਵੱਖਰੇ ਰਾਜ 'ਤੇ ਰਾਏਸ਼ੁਮਾਰੀ ਲਈ ਸ਼ਾਂਤਮਈ ਲਹਿਰ ਚਲਾਉਣ ਦਾ ਦਾਅਵਾ ਕੀਤਾ ਗਿਆ ਸੀ। ਉਨਾਂ ਕਿਹਾ ਕਿ ਇਹ ਹੁਣ ਪ੍ਰਤੱਖ ਰੂਪ ਵਿੱਚ ਸਾਹਮਣੇ ਆਇਆ ਹੈ ਕਿ ਐਸ.ਐਫ.ਜੇ. ਵੱਲੋਂ ਪਾਕਿਸਤਾਨੀ ਫ਼ੌਜ ਅਤੇ ਆਈ.ਐਸ.ਆਈ. ਦੇ ਸਮਰਥਨ ਨਾਲ ਭਾਰਤੀ ਪੰਜਾਬ ਵਿੱਚ ਗੜਬੜ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਬਿਆਨ ਨਾਲ ਪਨੂੰ ਦੇ ਪਾਕਿਸਤਾਨੀ ਫੌਜ ਅਤੇ ਆਈ.ਐਸ.ਆਈ. ਦੀ ਮਦਦ ਨਾਲ ਪੰਜਾਬ ਨੂੰ ਭਾਰਤ ਤੋਂ ਅਲਹਿਦਾ ਕਰਨ ਲਈ ਹਰ ਹੀਲਾ ਵਰਤਣ ਦੇ ਇਰਾਦੇ ਵੀ ਜ਼ਾਹਰ ਹੋ ਗਏ ਹਨ।

ਮੁੱਖ ਮੰਤਰੀ ਨੇ ਐਸ.ਐਫ.ਜੇ. ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ 'ਕਰਤਾਰਪੁਰ ਕਨਵੈਨਸ਼ਨ-2019' ਕਰਵਾਉਣ ਦੀ ਯੋਜਨਾ 'ਤੇ ਵੀ ਸਖ਼ਤ ਪ੍ਰਤੀਕ੍ਰਿਆ ਪ੍ਰਗਟਾਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨੇ ਉਨਾਂ ਦੇ ਖਦਸ਼ਿਆਂ ਨੂੰ ਹੋਰ ਪੱਕਾ ਕੀਤਾ ਹੈ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘਾ ਖੋਲਣ ਦਾ ਫੈਸਲਾ ਐਸ.ਐਫ.ਜੇ. ਸਮੇਤ ਭਾਰਤ ਵਿਰੋਧੀ ਤਾਕਤਾਂ ਦੀ ਮਦਦ ਕਰਨ ਬਾਰੇ ਆਈ.ਐਸ.ਆਈ. ਦੀ ਸਾਜ਼ਿਸ਼ ਨੂੰ ਦਰਸਾਉਂਦਾ ਹੈ। ਉਨਾਂ ਕਿਹਾ ਕਿ ਇਸ ਨਾਲ ਇਕ ਵਾਰ ਫਿਰ ਸਿੱਧ ਹੋ ਗਿਆ ਹੈ ਕਿ ਪਾਕਿਸਤਾਨ ਸਰਕਾਰ ਕਠਪੁਤਲੀ ਸ਼ਾਸਨ ਵਾਂਗ ਹਮੇਸ਼ਾ ਹੀ ਉਥੋਂ ਦੀ ਫੌਜ ਦੇ ਇਸ਼ਾਰੇ 'ਤੇ ਕੰਮ ਕਰਦੀ ਰਹੀ ਹੈ ਅਤੇ ਕਰ ਰਹੀ ਹੈ। 

ਇਸ ਮਾਮਲੇ 'ਤੇ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੁੱਚਾ ਮਾਮਲਾ ਪਾਕਿਸਤਾਨੀ ਫੌਜ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਜੋ ਪੰਜਾਬ ਵਿੱਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੇ ਲਗਾਤਾਰ ਯਤਨ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਇਆ ਕਿ ਪੰਜਾਬ ਅਤੇ ਭਾਰਤੀ ਫੌਜ ਗੁਆਂਢੀ ਮੁਲਕ ਦੀ ਅਜਿਹੀ ਕਿਸੇ ਵੀ ਯੋਜਨਾ ਦਾ ਮੁਕਾਬਲਾ ਕਰਨ ਲਈ ਤਿਆਰ-ਬਰ-ਤਿਆਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹੁਣ 80ਵੇਂ ਅਤੇ 90ਵੇਂ ਦੇ ਦਹਾਕਿਆਂ ਜਦੋਂ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦ ਨੇ ਸੂਬੇ ਦਾ ਘਾਣ ਕੀਤਾ ਸੀ, ਦੇ ਸਮੇਂ ਨਾਲੋਂ ਵਧੇਰੇ ਸਮਰੱਥ ਤੇ ਤਾਕਤਵਾਰ ਹੈ।

ਉਨਾਂ ਨੇ ਪਾਕਿਸਤਾਨ ਨੂੰ ਸੂਬੇ ਦੀ ਸ਼ਾਂਤੀ 'ਚ ਵਿਘਨ ਪਾਉਣ ਲਈ ਪੱਬਾਂ ਭਾਰ ਹੋਈਆਂ ਫਿਰਦੀਆਂ ਐਸ.ਐਫ.ਜੇ. ਜਾਂ ਕਿਸੇ ਹੋਰ ਵੱਖਵਾਦੀ ਤਾਕਤਾਂ ਨੂੰ ਸਮਰਥਨ ਦੇਣ ਵਿਰੁੱਧ ਚਿਤਾਵਨੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੂੰ ਸਾਲ 1965, 1971 ਅਤੇ ਉਸ ਤੋਂ ਬਾਅਦ ਕਾਰਗਿਲ ਜੰਗ ਵਿੱਚ ਭਾਰਤੀ ਫੌਜ ਹੱਥੋਂ ਹੋਈਆਂ ਨਮੋਸ਼ੀ ਭਰੀਆਂ ਹਾਰਾਂ ਯਾਦ ਰੱਖਣਾ ਚੰਗੀ ਗੱਲ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਭਾਰਤ ਵਿੱਚ ਸਿੱਖ ਭਾਈਚਾਰੇ ਦੀ ਚਿਰੋਕਣੀ ਮੰਗ ਦੀ ਪੂਰਤੀ ਲਈ ਕਰਤਾਰਪੁਰ ਲਾਂਘਾ ਖੋਲਣ ਦੇ ਪੂਰੀ ਤਰਾਂ ਹੱਕ ਵਿੱਚ ਹਨ।

ਉਨਾਂ ਕਿਹਾ ਕਿ ਇਹ ਇਸ ਉਪਰਾਲੇ ਦੀ ਦੁਰਵਰਤੋਂ ਹੈ ਜਿਸ ਦਾ ਉਹ ਵਿਰੋਧ ਕਰਦੇ ਹਨ। ਉਨਾਂ ਕਿਹਾ ਕਿ ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸੱਚੇ ਦਿਲੋਂ ਇਸ ਲਾਂਘੇ ਰਾਹੀਂ ਭਾਰਤ ਨਾਲ ਸ਼ਾਂਤੀ ਦੇ ਦਰਵਾਜ਼ੇ ਖੋਲਣਾ ਚਾਹੁੰਦੇ ਹਨ ਤਾਂ ਉਨਾਂ ਨੂੰ ਨਾ ਸਿਰਫ ਐਸ.ਐਫ.ਜੇ. ਦੇ ਬਿਆਨ ਦੀ ਸਪੱਸ਼ਟ ਨਿੰਦਾ ਕਰਨੀ ਚਾਹੀਦੀ ਹੈ ਸਗੋਂ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਾਰਤ ਵਿਰੋਧੀ ਵੱਖਵਾਦੀ ਤਾਕਤ ਆਪਣੀ ਮੁਹਿੰਮ ਚਲਾਉਣ ਲਈ ਪਾਕਿਸਤਾਨ ਦੀ ਧਰਤੀ ਦੀ ਵਰਤੋਂ ਨਾ ਕਰੇ। ਉਨਾਂ ਨੇ ਪਾਕਿਸਤਾਨੀ ਨੇਤਾ ਨੂੰ 'ਕਰਤਾਰਪੁਰ ਸਾਹਿਬ ਕਨਵੈਨਸ਼ਨ-2019' ਕਰਵਾਉਣ ਤੋਂ ਵੀ ਰੋਕਣ ਲਈ ਆਖਿਆ।

ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਗੁਰੂ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਦੀ ਭਾਰਤ ਵਿਰੋਧੀ ਤਾਕਤਾਂ ਵੱਲੋਂ ਵਰਤੋਂ ਕਰਨ ਦੀ ਇਜਾਜ਼ਤ ਦਿੱਤੇ ਬਿਨਾਂ ਦੋਵਾਂ ਮੁਲਕਾਂ ਦਰਮਿਆਨ ਸੱਚੀ ਭਾਵਨਾ ਨਾਲ ਅਮਨ ਦਾ ਪੁਲ ਕਾਇਮ ਕੀਤਾ ਜਾਵੇ। ਉਨਾਂ ਨੇ ਇਕ ਵਾਰ ਫਿਰ ਕਰਤਾਰਪੁਰ ਲਾਂਘੇ ਨੂੰ ਦੋਵਾਂ ਮੁਲਕਾਂ ਦਰਮਿਆਨ ਵਖਰੇਵਿਆਂ ਨੂੰ ਮਿਟਾਉਣ ਲਈ ਇਕ ਮਹਾਨ ਮੌਕਾ ਦੱਸਦਿਆਂ ਇਸ ਦੀ ਸ਼ਲਾਘਾ ਕੀਤੀ।

Related Stories