ਧਾਰਾ 370 ਹਟਾਏ ਜਾਣ ਤੋਂ ਬਾਅਦ ਸ਼੍ਰੀਨਗਰ ਪਹੁੰਚੇ ਤਿੰਨ ਕੇਂਦਰੀ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਪੈਥਰਸ ਪਾਰਟੀ ਦੇ ਮੁੱਖੀ ਅਤੇ ਸਾਬਕਾ ਮੰਤਰੀ ਹਰਸ਼ਦੇਵ ਸਿੰਘ ਨੇ ਸਵਾਲ ਕੀਤਾ ਹੈ ਕਿ ਕੇਂਦਰੀ ਮੰਤਰੀਆਂ ਦੇ ਸਾਮੂਹਿਕ ਦੌਰੇ ਨਾਲ ਨਵੇਂ ਕੇਂਦਰਸ਼ਾਸਿਤ ਪ੍ਰਦੇਸ਼ ਦੇ...

File Photo

ਸ਼੍ਰੀਨਗਰ : ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕੇਂਦਰ ਦੇ ਤਿੰਨ ਮੰਤਰੀ ਸ਼ਨਿੱਚਵਾਰ ਨੂੰ ਸ਼੍ਰੀਨਗਰ ਪਹੁੰਚੇ। ਇਹ ਤਿੰਨੋਂ ਕੇਂਦਰੀ ਮੰਤਰੀ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲਏ ਜਾਣ ਤੋਂ ਬਾਅਦ ਘਾਟੀ ਦੇ ਲੋਕਾਂ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਕੇਂਦਰ ਦੀ ਹਫ਼ਤਾ ਭਰ ਚੱਲਂਣ ਵਾਲੀ ਜਨ ਜਾਗਰੂਕਤਾ ਮੁਹਿੰਮ ਨੂੰ ਸ਼ੁਰੂ ਕਰਨਗੇ।

ਅਧਿਕਾਰੀਆਂ ਅਨੁਸਾਰ ਤਿੰਨ ਕੇਂਦਰੀ ਮੰਤਰੀ ਅਰਜੁਨ ਮੇਗਵਾਲ, ਅਸ਼ਵਿਨੀ ਚੋਬੇ ਅਤੇ ਜਤਿੰਦਰ ਸਿੰਘ ਨੂੰ ਸਵੇਰੇ ਇੱਥੇ ਪਹੁੰਚਣਾ ਸੀ ਪਰ ਮੌਸਮ ਖਰਾਬ ਹੋਣ ਦੇ ਕਾਰਨ ਉਨ੍ਹਾਂ ਦੀ ਉਡਾਨ ਜੰਮੂ ਨਹੀਂ ਉੱਤਰ ਸਕੀ ਅਤੇ ਉਸ ਨੂੰ ਸ਼੍ਰੀਨਗਰ ਭੇਜ ਦਿੱਤਾ ਗਿਆ। ਸ਼੍ਰੀਨਗਰ ਵਿਚ ਕਈ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਇਸ ਜਾਗਰੂਕਤਾ ਮੁਹਿੰਮ ਨੂੰ ਸ਼ੁਰੂ ਕਰਨ ਦੇ ਲਈ ਉਹ ਸ਼ਾਮ ਨੂੰ ਇੱਥੇ ਪਹੁੰਚੇ। ਮੁਹਿੰਮ ਅਧੀਨ 36 ਕੇਂਦਰੀ ਮੰਤਰੀ ਅਗਲੇ ਛੇ ਦਿਨਾਂ ਦੇ ਦੌਰਾਨ ਲੋਕਾਂ ਨਾਲ ਗੱਲਬਾਤ ਕਰਨ ਦੇ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਜਾਣਗੇ।

ਮੀਡੀਆ ਰਿਪੋਰਟਾ ਅਨੁਸਾਰ ਸਰਕਾਰ ਦੇ ਬੁਲਾਰੇ ਕੰਸਲ ਨੇ ਕਿਹਾ ਕਿ ਯਾਤਰਾ 'ਤੇ ਆਉਣ ਵਾਲੇ ਮੰਤਰੀ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਵਿਕਾਸ ਦੇ ਮੁੱਦਿਆ 'ਤੇ ਚਰਚਾ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼(ਜੰਮੂ ਕਸ਼ਮੀਰ) ਵਿਚ ਲਾਭਪਾਤਰੀ ਅਧਾਰਤ ਯੋਜਨਾਵਾਂ ਨੂੰ ਜੰਮੂ ਕਸ਼ਮੀਰ ਦੇ ਯੋਗ ਵਸਨੀਕਾਂ ਦੇ ਲਈ 100 ਪ੍ਰਤੀਸ਼ਤ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।

ਸਰਕਾਰ ਦੀ ਸੰਪਰਕ ਮੁਹਿੰਮ ਪ੍ਰੋਗਰਾਮ 'ਤੇ ਨੈਸ਼ਨਲ ਪੈਥਰਸ ਪਾਰਟੀ ਦੇ ਮੁੱਖੀ ਅਤੇ ਸਾਬਕਾ ਮੰਤਰੀ ਹਰਸ਼ਦੇਵ ਸਿੰਘ ਨੇ ਸਵਾਲ ਕੀਤਾ ਹੈ ਕਿ ਕੇਂਦਰੀ ਮੰਤਰੀਆਂ ਦੇ ਸਾਮੂਹਿਕ ਦੌਰੇ ਨਾਲ ਨਵੇਂ ਕੇਂਦਰਸ਼ਾਸਿਤ ਪ੍ਰਦੇਸ਼ ਦੇ ਲੋਕਾਂ ਨੂੰ ਕਿਵੇਂ ਫਾਇਦਾ ਹੋਵੇਗਾ।