ਜੰਮੂ-ਕਸ਼ਮੀਰ ਦੇ ਨੌਸ਼ਹਿਰਾ ‘ਚ ਅਤਿਵਾਦੀ ਹਮਲਾ, ਫ਼ੌਜ ਦੇ 2 ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੇਂ ਸਾਲ ਦੇ ਮੌਕੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜਿਲ੍ਹੇ ਦੇ ਨੌਸ਼ਹਿਰਾ ‘ਚ ਅਤਿਵਾਦੀਆਂ...

Indian Army

ਨੌਸ਼ਹਿਰਾ: ਨਵੇਂ ਸਾਲ ਦੇ ਮੌਕੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜਿਲ੍ਹੇ ਦੇ ਨੌਸ਼ਹਿਰਾ ‘ਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ  ਦੇ ਵਿੱਚ ਮੁੱਠਭੇੜ ਹੋਈ। ਪ੍ਰਾਪਤ ਜਾਣਕਾਰੀ ਮੁਤਾਬਕ, ਇਸ ਦੌਰਾਨ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅਤਿਵਾਦੀਆਂ ਨੇ ਦਾਅ ਲਗਾਕੇ ਜਵਾਨਾਂ ‘ਤੇ ਹਮਲਾ ਕੀਤਾ। ਫਿਲਹਾਲ ਇਲਾਕੇ ‘ਚ ਸਰਚ ਆਪਰੇਸ਼ਨ ਜਾਰੀ ਹੈ।

ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਜਵਾਨਾਂ ਨੂੰ ਅਤਿਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਹ ਇਲਾਕੇ ਦੀ ਛਾਣਬੀਣ ਕਰਕੇ ਅਤਿਵਾਦੀਆਂ ਦੀ ਭਾਲ ਕਰ ਰਹੇ ਸਨ। ਇਸੇ ਦੌਰਾਨ ਲੁਕੇ ਹੋਏ ਅਤਿਵਾਦੀਆਂ ਨੇ ਦੋ ਜਵਾਨਾਂ ‘ਤੇ ਹਮਲਾ ਕਰ ਦਿੱਤਾ। ਐਲਓਸੀ ‘ਤੇ ਕਲਾਲ ਤੋਂ ਸਟੇ ਦਰਾਟ/ਮੰਗਲਾਦੇਈ ਖੇਤਰ ਵਿੱਚ ਤਿੰਨ ਸ਼ੱਕੀ ਵੇਖੇ ਜਾਣ ‘ਤੇ ਭਾਰਤੀ ਫੌਜ ਅਤੇ ਪੁਲਿਸ ਨੇ ਸਰਚ ਆਪਰੇਸ਼ਨ ਚਲਾਇਆ।

ਇਸ ਦੌਰਾਨ ਜੰਗਲ ਦਾ ਚੱਪਾ-ਚੱਪਾ ਦੇਖਿਆ ਗਿਆ, ਪਰ ਦੇਰ ਸ਼ਾਮ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਸੀ ਫਿਰ ਦੇਰ ਰਾਤ ਤੋਂ ਫਾਇਰਿੰਗ ਸ਼ੁਰੂ ਹੋ ਗਈ, ਜੋ ਹੁਣੇ ਜਾਰੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿੱਚ ਐਲਓਸੀ ਦੇ ਕੋਲ ਇੱਕ ਲੈਂਡਮਾਇਨ ਬਲਾਸਟ ਹੋ ਗਿਆ ਸੀ। ਇਸ ਵਿੱਚ ਇੱਕ ਸਥਾਨਕ ਨਾਗਰਿਕ ਜਖ਼ਮੀ ਹੋ ਗਿਆ। ਜਖ਼ਮੀ ਨਾਗਰਿਕ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

ਫੌਜ ਜਾਂਚ ‘ਚ ਲੱਗੀ ਹੋਈ ਹੈ ਕਿ ਇਹ ਬਲਾਸਟ ਕਿਵੇਂ ਹੋਇਆ।  ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁਲਿਸ ਡੀਜੀਪੀ ਦਿਲਬਾਗ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 2019 ਵਿੱਚ 160 ਅਤਿਵਾਦੀ ਮਾਰੇ ਗਏ ਅਤੇ 102 ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਆਤਿਵਾਦੀ ਸੰਗਠਨਾਂ ਵਿੱਚ ਸ਼ਾਮਲ ਹੋਣ ਵਾਲੇ ਸਥਾਨਕ ਨੌਜਵਾਨਾਂ ਦੀ ਗਿਣਤੀ ਵਿੱਚ ਕਮੀ ਆਈ ਹੈ।

ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, 2018 ਵਿੱਚ ਇਸ ਤਰ੍ਹਾਂ ਦੇ 218 ਸਥਾਨਕ ਜਵਾਨ ਅਤਿਵਾਦੀ ਸੰਗਠਨਾਂ ਵਿੱਚ ਸ਼ਾਮਲ ਹੋਏ ਸਨ ਪਰ 2019 ਵਿੱਚ ਕੇਵਲ 139 ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਅਤਿਵਾਦੀ ਘਟਨਾਵਾਂ ਵਿੱਚ 30 ਫ਼ੀਸਦੀ ਦੀ ਕਮੀ ਆਈ ਹੈ ਅਤੇ ਪਿਛਲੇ ਸਾਲ ਦੀ ਤੁਲਨਾ ਵਿੱਚ ਕਾਨੂੰਨ ਅਤੇ ਵਿਵਸਥਾ ਨਾਲ ਜੁੜੀਆਂ ਘਟਨਾਵਾਂ ਵਿੱਚ 36 ਫ਼ੀਸਦੀ ਦੀ ਗਿਰਾਵਟ ਆਈ ਹੈ।