ਓਵੈਸੀ ਦਾ ਮੋਹਨ ਭਾਗਵਤ 'ਤੇ ਨਿਸ਼ਾਨਾ : ਰੁਜ਼ਗਾਰ ਦੀ ਥਾਂ ਦੋ ਬੱਚੇ ਪੈਦਾ ਕਰਨ ਲਈ ਕਹਿਣਾ ਗ਼ਲਤ!

ਏਜੰਸੀ

ਖ਼ਬਰਾਂ, ਰਾਸ਼ਟਰੀ

'ਦੋ ਬੱਚਿਆਂ ਦਾ ਕਾਨੂੰਨ ਬਣਾਉਣ ਦੀ ਗੱਲ ਕਰਨਾ ਸ਼ਰਮਨਾਕ'!

file photo

ਹੈਦਰਾਬਾਦ : ਦੇਸ਼ ਵਿਚ ਦੋ ਬੱਚਿਆਂ ਦੀ ਨੀਤੀ ਲਾਜ਼ਮੀ ਬਣਾਉਣ ਵਾਸਤੇ ਕਾਨੂੰਨ ਬਣਾਉਣ ਦੇ ਸਬੰਧ ਵਿਚ ਦਿਤੇ ਗਏ ਬਿਆਨ ਲਈ ਸੰਘ ਮੁਖੀ ਮੋਹਨ ਭਾਗਵਤ ਨੂੰ ਨਿਸ਼ਾਨਾ ਬਣਾਉਂਦਿਆਂ ਏਆਈਐਮਆਈਐਮ ਮੁਖੀ ਅਸਦੂਦੀਨ ਓਵੈਸੀ ਨੇ ਦੋਸ਼ ਲਾਇਆ ਕਿ ਐਨਡੀਏ ਸਰਕਾਰ ਪਿਛਲੇ ਪੰਜ ਸਾਲਾਂ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕਰਨ ਵਿਚ ਵੀ ਨਾਕਾਮ ਰਹੀ।

ਤੇਲੰਗਾਨਾ ਵਿਚ ਨਗਰ ਨਿਗਮ ਚੋਣਾਂ ਲਈ ਨਿਜ਼ਾਮਾਬਾਦ ਜ਼ਿਲ੍ਹੇ ਵਿਚ ਰੈਲੀ ਨੂੰ ਸੰਬੋਧਤ ਕਰਦਿਆਂ ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸੀ ਨੇ ਕਿਹਾ, 'ਸੰਘ ਮੁਖੀ ਭਾਗਵਤ ਦੋ ਬੱਚਿਆਂ ਦੀ ਨੀਤੀ ਬਣਾਉਣ ਲਈ ਕਹਿੰਦੇ ਹਨ। ਉਹ ਪਿਛਲੇ ਸਾਢੇ ਪੰਜ ਸਾਲਾਂ ਵਿਚ ਕਿਸੇ ਨੂੰ ਵੀ ਰੁਜ਼ਗਾਰ ਦੇਣ ਵਿਚ ਨਾਕਾਮ ਰਹੇ। ਹੁਣ ਸੰਘ ਦੇ ਲੋਕ ਦੋ ਬੱਚਿਆਂ ਦੀ ਨੀਤੀ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ।' ਉਨ੍ਹਾਂ ਕਿਹਾ ਕਿ ਦੇਸ਼ ਦੀ 60 ਫ਼ੀ ਸਦੀ ਆਬਾਦੀ ਦੀ ਉਮਰ 40 ਸਾਲਾਂ ਤੋਂ ਘੱਟ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੰਘ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕੀ।

ਓਵੈਸੀ ਨੇ ਕਿਹਾ, '2018 ਵਿਚ 36 ਬੇਰੁਜ਼ਗਾਰ ਨੌਜਵਾਨਾਂ ਨੇ ਪ੍ਰਤੀਦਿਨ ਖ਼ੁਦਕੁਸ਼ੀ ਕੀਤੀ। ਤੁਹਾਡੇ 'ਤੇ ਸ਼ਰਮ ਆਉਂਦੀ ਹੈ ਅਤੇ ਤੁਸੀਂ ਦੋ ਬੱਚਿਆਂ ਦਾ ਕਾਨੂੰਨ ਬਣਾਉਣ ਦੀ ਗੱਲ ਕਰਦੇ ਹੋ। ਤੁਸੀਂ ਬੱਚਿਆਂ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਣ ਵਿਚ ਨਾਕਾਮ ਰਹੇ।' ਉਨ੍ਹਾਂ ਕਿਹਾ, 'ਭਾਜਪਾ ਦੇ ਕਈ ਆਗੂਆਂ ਵਾਂਗ ਮੇਰੇ ਵੀ ਦੋ ਤੋਂ ਜ਼ਿਆਦਾ ਬੱਚੇ ਹਨ ਹਾਲਾਂਕਿ ਤੁਸੀਂ ਰੁਜ਼ਗਾਰ ਨਹੀਂ ਦਿਤਾ।'

ਉਨ੍ਹਾਂ ਜ਼ਿਕਰ ਕੀਤਾ ਕਿ ਇਕ ਵਾਰ ਮੋਦੀ ਸਾਹਿਬ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ, 'ਜਦ ਮੈਂ ਨੌਕਰੀਆਂ ਨਾ ਦੇਣ ਬਾਰੇ ਬੋਲਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਓਵੈਸੀ ਭੜਕਾਊ ਭਾਸ਼ਨ ਦੇ ਰਿਹਾ ਹੈ।' ਉਨ੍ਹਾਂ ਕਿਹਾ, 'ਤੁਸੀਂ ਸਰਕਾਰ ਚਲਾ ਰਹੇ ਹੋ, ਮੈਂ ਨਹੀਂ ਅਤੇ ਇਸ ਲਈ ਮੈਂ ਸਵਾਲ ਪੁੱਛਾਂਗਾ ਅਤੇ ਤੁਹਾਨੂੰ ਜਵਾਬ ਦੇਣਾ ਪਵੇਗਾ।

ਸੰਘ ਮੁਸਲਮਾਨਾਂ ਦੀ ਆਬਾਦੀ ਕੰਟਰੋਲ ਕਰਨ ਲਈ ਕਹਿੰਦੀ ਹੈ। ਉਹ ਰੁਜ਼ਗਾਰ ਦੇਣ ਦੀ ਗੱਲ ਨਹੀਂ ਕਰਦੇ ਅਤੇ ਜਦ ਮੈਂ ਸਵਾਲ ਪੁੱਛਦਾ ਹਾਂ ਤਾਂ ਉਹ ਦੋ ਬੱਚਿਆਂ ਦੀ ਨੀਤੀ ਦੀ ਗੱਲ ਕਰਦੇ ਹਨ।'