ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ ਦੇ 11 ਡੱਬੇ ਦੱਬੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਮਝੌਤਾ ਐਕਸਪ੍ਰੈੱਸ 22 ਜੁਲਾਈ 1976 ਨੂੰ ਭਾਰਤ-ਪਾਕਿ ਵਿਚਾਲੇ ਸ਼ੁਰੂ ਹੋਈ ਸੀ। ਇਹ ਟ੍ਰੇਨ ਅਟਾਰੀ ਰੇਲਵੇ ਸਟੇਸ਼ਨ ਤੋਂ ਲੈ ਕੇ ਵਾਹਗਾ ਤਕ ਕੇਵਲ ਤਿੰਨ ਕਿਲੋਮੀਟਰ ਦਾ ...

File Photo

ਚੰਡੀਗੜ੍ਹ, : ਉਂਜ ਤਾਂ ਪਾਕਿਸਤਾਨ ਨੇ ਭਾਰਤ ਨਾਲ ਕਈ ਵਾਰ ਧੋਖੇਬਾਜ਼ੀ ਕੀਤੀ ਹੈ ਪਰ ਹੁਣ ਉਹ ਹੋਰ ਹੀ ਤਰ੍ਹਾਂ ਦੀ ਠੱਗੀ ਕਰ ਗਿਆ ਹੈ। ਪਾਕਿਸਤਾਨ ਨੇ ਬੜੀ ਹੀ ਮੱਕਾਰੀ ਨਾਲ ਸਾਡੇ ਰੇਲ ਡੱਬੇ ਹੀ ਰੱਖ ਲਏ ਹਨ। ਭਾਰਤੀ ਰੇਲਵੇ ਵਲੋਂ ਤਿਆਰ ਕੀਤੀ ਗਈ ਰੇਲ ਗੱਡੀ ਦੀ ਵਰਤੋਂ ਪਿਛਲੇ ਕਰੀਬ ਛੇ ਮਹੀਨੇ ਤੋਂ ਪਾਕਿਸਤਾਨ ਕਰ ਰਿਹਾ ਹੈ। ਇਹ ਟ੍ਰੇਨ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਹੈ।

7 ਅਗਸਤ 2019 ਨੂੰ ਇਹ ਗੱਡੀ ਯਾਤਰੀ ਲੈ ਕੇ ਪਾਕਿਸਤਾਨ ਗਈ ਸੀ ਪਰ 8 ਅਗਸਤ ਨੂੰ 2019 ਨੂੰ ਸਮਝੌਤਾ ਐਕਸਪ੍ਰੈੱਸ ਨੂੰ ਪਾਕਿਸਤਾਨ ਨੇ ਰੱਦ ਕਰ ਦਿਤਾ ਸੀ, ਜਿਸ ਕਾਰਨ ਭਾਰਤੀ ਟ੍ਰੇਨ ਦੇ 11 ਕੋਚ ਪਾਕਿਸਤਾਨ 'ਚ ਹੀ ਹਨ। ਕਰੋੜਾਂ ਰੁਪਏ ਨਾਲ ਤਿਆਰ ਹੋਏ ਇਨ੍ਹਾਂ ਕੋਚਾਂ ਨੂੰ ਹੁਣ ਪਾਕਿਸਤਾਨ ਰੇਲਵੇ ਵਲੋਂ ਇਸਤੇਮਾਲ ਕੀਤਾ ਜਾ ਰਿਹਾ ਹੈ।

ਭਾਰਤੀ ਰੇਲਵੇ ਵੱਲੋਂ ਇਨ੍ਹਾਂ ਕੋਚਾਂ ਨੂੰ ਵਾਪਸ ਲੈਣ ਲਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਹਾਲਾਂਕਿ ਕੇਵਲ ਇਕ ਵਾਰ ਇਨ੍ਹਾਂ ਕੋਚਾਂ ਨੂੰ ਵਾਪਸ ਦਿਤੇ ਜਾਣ ਸਬੰਧੀ ਕਿਹਾ ਗਿਆ ਸੀ। ਇਸ ਤੋਂ ਇਲਾਵਾ ਮਾਲ ਗੱਡੀ ਦੇ ਵੀ 10 ਡੱਬੇ ਜੋ ਸਾਮਾਨ ਲੈ ਕੇ ਪਾਕਿਸਤਾਨ ਗਏ ਸਨ, ਵਾਪਸ ਨਹੀਂ ਭੇਜੇ ਗਏ। ਅਟਾਰੀ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਅਰਵਿੰਦ ਗੁਪਤਾ ਨੇ ਦਸਿਆ ਕਿ ਟ੍ਰੇਨ ਰੱਦ ਹੋਣ ਤੋਂ ਬਾਅਦ ਕੋਚ ਪਾਕਿਸਤਾਨ 'ਚ ਹਨ ਤੇ ਉਥੇ ਇਸਤੇਮਾਲ ਕੀਤੇ ਜਾ ਰਹੇ ਹਨ। ਜਦਕਿ ਉਨ੍ਹਾਂ ਵਲੋਂ ਇਸ ਸਬੰਧੀ ਵਿਭਾਗ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਸਮਝੌਤਾ ਐਕਸਪ੍ਰੈੱਸ 22 ਜੁਲਾਈ 1976 ਨੂੰ ਭਾਰਤ-ਪਾਕਿ ਵਿਚਾਲੇ ਸ਼ੁਰੂ ਹੋਈ ਸੀ। ਇਹ ਟ੍ਰੇਨ ਅਟਾਰੀ ਰੇਲਵੇ ਸਟੇਸ਼ਨ ਤੋਂ ਲੈ ਕੇ ਵਾਹਗਾ ਤਕ ਕੇਵਲ ਤਿੰਨ ਕਿਲੋਮੀਟਰ ਦਾ ਰਸਤਾ ਤੈਅ ਕਰਦੀ ਸੀ। ਛੇ ਮਹੀਨੇ ਪਾਕਿਸਤਾਨ ਵਲੋਂ ਅਪਣੀ ਗੱਡੀ ਭੇਜੀ ਜਾਂਦੀ ਸੀ ਤੇ ਛੇ ਮਹੀਨੇ ਹੀ ਭਾਰਤ ਵਲੋਂ ਟ੍ਰੇਨ ਚਲਾਈ ਜਾਂਦੀ ਸੀ। ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਤੋਂ ਬਾਅਦ ਸਬੰਧ ਵਿਗੜੇ ਤਾਂ ਭਾਰਤੀ ਟ੍ਰੇਨ ਯਾਤਰੀ ਲੈ ਕੇ ਪਾਕਿਸਤਾਨ ਗਈ।

ਇਸ ਦੌਰਾਨ ਟ੍ਰੇਨ ਰੱਦ ਹੋ ਗਈ ਤੇ ਕੋਚ ਉਥੇ ਹੀ ਰਹਿ ਗਏ। ਪਾਕਿਸਤਾਨ ਤੋਂ ਅਪਣੇ ਕੋਚ ਵਾਪਸ ਲੈਣ ਲਈ ਅਟਾਰੀ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਵਲੋਂ ਫ਼ਿਰੋਜ਼ਪੁਰ ਡਵੀਜ਼ਨ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਹਾਲਾਂਕਿ ਡਵੀਜ਼ਨ ਪੱਧਰ 'ਤੇ ਰੇਲਵੇ ਵਿਭਾਗ ਤੇ ਮੰਤਰਾਲਾ ਨੂੰ ਵੀ ਇਸ ਸਬੰਧੀ ਲਿਖ ਕੇ ਭੇਜਿਆ ਜਾ ਚੁੱਕਾ ਹੈ ਪਰ ਮੰਤਰਾਲਾ ਦੀ ਢਿੱਲੀ ਕਾਰਵਾਈ ਕਾਰਨ ਦੋਵੇਂ ਟ੍ਰੇਨਾਂ ਦੇ 21 ਕੋਚ ਵਾਪਸ ਲੈਣ ਸਬੰਧੀ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ।