ਭਾਰਤ ਬਾਇਓਟੈੱਕ ਨੇ ਫੈਕਟਸ਼ੀਟ ਜਾਰੀ ਕਰ ਲੋਕਾਂ ਨੂੰ ਕੀਤਾ ਸੁਚੇਤ, ‘ਇਹ ਲੋਕ ਨਾ ਲਗਵਾਉਣ ਕੋਵੈਕਸੀਨ’
ਭਾਰਤ ਬਾਇਓਟੈੱਕ ਅਨੁਸਾਰ ਕਿਸੇ ਵੀ ਬਿਮਾਰੀ ਦੀ ਹਾਲਤ ਵਿਚ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਕੋਰੋਨਾ ਵੈਕਸੀਨ
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਭਰ ਵਿਚ ਟੀਕਾਕਰਣ ਮੁਹਿੰਮ ਜਾਰੀ ਹੈ। ਇਸ ਦੌਰਾਨ ਕੋਰੋਨਾ ਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈੱਕ ਨੇ ਇਕ ਫੈਕਟਸ਼ੀਟ ਜਾਰੀ ਕਰਕੇ ਲੋਕਾਂ ਨੂੰ ਵੈਕੀਸਨ ਲਗਵਾਉਣ ਸਬੰਧੀ ਸੁਚੇਤ ਕੀਤਾ ਹੈ।
ਭਾਰਤ ਬਾਇਓਟੈੱਕ ਅਨੁਸਾਰ ਕਿਸੇ ਵੀ ਬਿਮਾਰੀ ਦੀ ਹਾਲਤ ਵਿਚ ਲੋਕਾਂ ਨੂੰ ਕੋਰੋਨਾ ਵੈਕਸੀਨ ਨਹੀਂ ਲਗਵਾਉਣੀ ਚਾਹੀਦੀ। ਜੇਕਰ ਕਿਸੇ ਬਿਮਾਰੀ ਕਾਰਨ ਤੁਹਾਡੀ ਇਮਿਊਨਿਟੀ ਕਮਜ਼ੋਰ ਹੈ ਜਾਂ ਤੁਸੀਂ ਅਜਿਹੀਆਂ ਦਵਾਈਆਂ ਲੈ ਰਹੇ ਹੋ, ਜਿਸ ਨਾਲ ਤੁਹਾਡੀ ਇਮਿਊਨਿਟੀ ਪ੍ਰਭਾਵਿਤ ਹੁੰਦੀ ਹੈ ਤਾਂ ਤੁਹਾਨੂੰ ਕੋਵੈਕਸੀਨ ਨਹੀਂ ਲਗਵਾਉਣੀ ਚਾਹੀਦੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੀ ਕਿਹਾ ਸੀ ਜੇਕਰ ਤੁਸੀਂ ਇਮਿਊਨੋਡੈਂਸੀਫੀਸੀਐਂਸੀ ਆਦਿ ਤੋਂ ਪੀੜਤ ਹੋ ਜਾਂ ਇਮਿਊਨਿਟੀ ਸਪ੍ਰੈਸ਼ਨ ‘ਤੇ ਹੋ ਤਾਂ ਤੁਸੀਂ ਕੋਰੋਨਾ ਵੈਕਸੀਨ ਲੈ ਸਕਦੇ ਹੋ। ਹੁਣ ਭਾਰਤ ਬਾਇਓਟੈੱਕ ਵੱਲੋਂ ਜਾਰੀ ਬਿਆਨ ਵਿਚ ਅਜਿਹੇ ਲੋਕਾਂ ਨੂੰ ਕੋਵੈਕਸੀਨ ਨਾ ਲਗਵਾਉਣ ਦੀ ਸਲਾਹ ਦਿੱਤੀ ਗਈ ਹੈ।
ਭਾਰਤ ਬਾਇਓਟੈੱਕ ਅਨੁਸਾਰ ਇਹ ਲੋਕ ਨਾ ਲਗਵਾਉਣ ਕੋਵੈਕਸੀਨ
- ਜਿਨ੍ਹਾਂ ਨੂੰ ਐਲਰਜੀ ਦੀ ਸ਼ਿਕਾਇਤ ਰਹੀ ਹੋਵੇ
- ਬੁਖਾਰ ਹੋਣ ‘ਤੇ ਨਾ ਲਗਵਾਓ ਕੋਵੈਕਸੀਨ
- ਜੋ ਲੋਕ ਬਲੀਡਿੰਗ ਡਿਸਆਰਡਰ ਨਾਲ ਪੀੜਤ ਹਨ ਜਾਂ ਖੂਨ ਪਤਲਾ ਕਰਨ ਦੀ ਦਵਾਈ ਲੈ ਰਹੇ ਹਨ
- ਗਰਭਵਤੀ ਔਰਤਾਂ ਜਾਂ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਔਰਤਾਂ
- ਇਸ ਤੋਂ ਇਲਾਵਾ ਸਿਹਤ ਸਬੰਧੀ ਗੰਭੀਰ ਮਾਮਲਿਆਂ ਵਿਚ ਵੀ ਵੈਕਸੀਨ ਨਹੀਂ ਲੈਣੀ ਚਾਹੀਦੀ ਹੈ।
ਭਾਰਤ ਬਾਇਓਟੈੱਕ ਅਨੁਸਾਰ ਵੈਕਸੀਨ ਲੈਣ ਤੋਂ ਪਹਿਲਾਂ ਅਪਣੀ ਕਿਸੇ ਵੀ ਬਿਮਾਰੀ ਸਬੰਧੀ ਜਾਣਕਾਰੀ ਮੈਡੀਕਲ ਅਫਸਰ ਨਾਲ ਜ਼ਰੂਰ ਸਾਂਝੀ ਕਰੋ। ਇਸ ਦੇ ਨਾਲ ਹੀ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਦਵਾਈ ਲੈ ਰਹੇ ਹੋ ਤਾਂ ਇਸ ਸਬੰਧੀ ਜਾਣਕਾਰੀ ਦੇਣੀ ਵੀ ਜ਼ਰੂਰੀ ਹੈ।