SC ਦੀ ਕਮੇਟੀ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕਿਸਾਨਾਂ ਨੂੰ ਗੱਲਬਾਤ ਲਈ ਰਾਜ਼ੀ ਕਰਨਾ- ਕਮੇਟੀ ਮੈਂਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੋ ਕਿਸਾਨ ਮੀਟਿੰਗ ‘ਚ ਨਹੀਂ ਆ ਸਕਦੇ ਉਹਨਾਂ ਦੀ ਗੱਲ ਵੀਡੀਓ ਕਾਨਫਰੰਸ ਜ਼ਰੀਏ ਸੁਣੀ ਜਾਵੇਗੀ- ਕਮੇਟੀ ਮੈਂਬਰ

Supreme Court-appointed committee first meeting

ਨਵੀਂ ਦਿੱਲੀ: ਕਿਸਾਨੀ ਮਸਲੇ ਦੇ ਹੱਲ ਲਈ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਨੇ ਅੱਜ ਅਪਣੀ ਪਹਿਲੀ ਬੈਠਕ ਕੀਤੀ। ਹਾਲਾਂਕਿ ਇਸ ਬੈਠਕ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਨਹੀਂ ਹੋਏ।

ਮੀਟਿੰਗ ਤੋਂ ਬਾਅਦ ਕਮੇਟੀ ਦੇ ਇਕ ਮੈਂਬਰ ਅਨਿਲ ਘਨਵਟ ਨੇ ਕਿਹਾ ਕਿ ਸਰਵਉੱਚ ਅਦਾਲਤ ਵੱਲੋਂ ਬਣਾਈ ਗਈ ਕਮੇਟੀ, ਨਵੇਂ ਖੇਤੀ ਕਾਨੂੰਨਾਂ ‘ਤੇ ਕਿਸਾਨਾਂ ਅਤੇ ਕੇਂਦਰ ਸਰਕਾਰ, ਸੂਬਾ ਸਰਕਾਰਾਂ ਅਤੇ ਹੋਰ ਪੱਖਾਂ ਦੇ ਵਿਚਾਰ ਜਾਣ ਕੇ ਰਿਪੋਰਟ ਤਿਆਰ ਕਰੇਗੀ। ਉਹਨਾਂ ਦਾ ਕਹਿਣਾ ਹੈ ਕਿ ਉਹ ਅਪਣੇ ਨਿੱਜੀ ਵਿਚਾਰਾਂ ਨੂੰ ਪਾਸੇ ਰੱਖ ਕੇ ਰਿਪੋਰਟ ਤਿਆਰ ਕਰਨਗੇ

ਉਹਨਾਂ ਕਿਹਾ ਕਮੇਟੀ ਅੱਗੇ ਸਭ ਤੋਂ ਵੱਡੀ ਚੁਣੌਤੀ ਕਿਸਾਨਾਂ ਨੂੰ ਗੱਲਬਾਤ ਲਈ ਰਾਜ਼ੀ ਕਰਨਾ ਹੈ ਤੇ ਇਸ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ। ਕਮੇਟੀ ਮੈਂਬਰ ਨੇ ਕਿਹਾ, ‘ਸਾਨੂੰ ਸੁਪਰੀਮ ਕੋਰਟ ਦਾ ਨਿਰਦੇਸ਼ ਹੈ ਕਿ ਅਸੀਂ ਕਿਸਾਨ ਜਥੇਬੰਦੀਆਂ (ਜੋ ਕਾਨੂੰਨਾਂ ਦਾ ਸਮਰਥਨ ਕਰ ਰਹੇ ਹਨ ਤੇ ਜੋ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ) ਨੂੰ ਸੁਣਨਾ ਹੈ ਅਤੇ ਰਿਪੋਰਟ ਤਿਆਰ ਕਰਕੇ ਸੁਪਰੀਮ ਕੋਰਟ ਨੂੰ ਭੇਜਣੀ ਹੈ।

ਉਹਨਾਂ ਦੱਸਿਆ ਕਿ ਬੈਠਕ ਵਿਚ ਤੈਅ ਹੋਇਆ ਕਿ ਕਿਸਾਨਾਂ ਨਾਲ ਪਹਿਲੀ ਮੀਟਿੰਗ 21 ਜਨਵਰੀ ਸਵੇਰੇ 11 ਵਜੇ ਹੋਵੇਗੀ। ਉਹਨਾਂ ਕਿਹਾ ਜੋ ਕਿਸਾਨ ਜਥੇਬੰਦੀਆਂ ਬੈਠਕ ਵਿਚ ਨਹੀਂ ਆ ਸਕਦੀਆਂ, ਅਸੀਂ ਉਹਨਾਂ ਦਾ ਪੱਖ ਵੀਡੀਓ ਕਾਨਫਰੰਸ ਜ਼ਰੀਏ ਸੁਣਾਂਗੇ।

 

 

ਦੱਸ ਦਈਏ ਕਿ ਖੇਤੀ ਕਾਨੂੰਨਾਂ ਸਬੰਧੀ ਕਿਸਾਨੀ ਮੁੱਦੇ ਦੇ ਹੱਲ ਲਈ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਕਿਸਾਨ ਜਥੇਬੰਦੀਆਂ ਨੇ ਸਾਫ ਇਨਕਾਰ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕੋਰਟ ਵੱਲ਼ੋ ਚੁਣੇ ਗਏ ਕਮੇਟੀ ਮੈਂਬਰ ਪਹਿਲਾਂ ਤੋਂ ਹੀ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਚੁੱਕੇ ਹਨ।