ਅਚਾਨਕ 'ਹੁਨਰ ਹਾਟ' ਪੁੱਜੇ ਪ੍ਰਧਾਨ ਮੰਤਰੀ, ਖਾਧਾ 'ਲਿਟੀ ਚੋਖਾ' ਤੇ ਪੀਤੀ ਚਾਹ!

ਏਜੰਸੀ

ਖ਼ਬਰਾਂ, ਰਾਸ਼ਟਰੀ

160 ਰੁਪਏ ਖ਼ੁਦ ਅਦਾ ਕੀਤੇ, ਕੁੱਝ ਲੋਕਾਂ ਨੇ 'ਮੋਦੀ ਮੋਦੀ' ਦੇ ਨਾਹਰੇ ਲਾਏ

file photo

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘੱਟਗਿਣਤੀ ਮਾਮਲਿਆਂ ਦੇ ਮੰਤਰਾਲੇ ਵਲੋਂ ਲਾਈ ਗਈ 'ਹੁਨਰ ਹਾਟ' ਵਿਚ ਅਚਾਨਕ ਪਹੁੰਚ ਗਏ ਅਤੇ ਉਥੇ ਬਿਹਾਰੀ ਖਾਣਾ 'ਲਿਟੀ ਚੋਖਾ' ਖਾਧਾ ਤੇ ਮਿੱਟੀ ਦੇ ਕੱਪ ਵਿਚ ਚਾਹ ਵੀ ਪੀਤੀ ਜਿਸ ਦਾ ਭੁਗਤਾਨ ਉਨ੍ਹਾਂ ਖ਼ੁਦ ਕੀਤਾ।

ਸੂਤਰਾਂ ਮੁਤਾਬਕ ਮੋਦੀ ਦਿਨ ਵਿਚ ਲਗਭਗ ਡੇਢ ਵਜੇ ਇੰਡੀਆ ਗੇਟ ਲਾਗੇ ਰਾਜਪੱਥ 'ਤੇ ਲੱਗੀ 'ਹੁਨਰ ਹਾਟ' ਵਿਚ ਪਹੁੰਚੇ ਅਤੇ ਉਥੇ ਲਗਭਗ 50 ਮਿੰਟਾਂ ਤਕ ਰਹੇ। ਮੋਦੀ ਨੇ ਵੱਖ ਵੱਖ ਸਟਾਲਾਂ 'ਤੇ ਜਾ ਕੇ ਉਤਪਾਦ ਵੇਖੇ ਅਤੇ ਉਨ੍ਹਾਂ ਬਾਰੇ ਜਾਣਕਾਰੀ ਲਈ। ਪ੍ਰਧਾਨ ਮੰਤਰੀ ਪਹਿਲੀ ਵਾਰ ਕਿਸੇ ਹੁਨਰ ਹਾਟ ਵਿਚ ਪਹੁੰਚੇ ਹਨ।

ਸੂਤਰਾਂ ਨੇ ਦਸਿਆ, 'ਪ੍ਰਧਾਨ ਮੰਤਰੀ ਦਾ ਇਹ ਦੌਰਾ ਤੈਅ ਨਹੀਂ ਸੀ। ਉਹ ਬੁਧਵਾਰ ਦੀ ਦੁਪਹਿਰ ਅਚਾਨਕ ਹੀ ਉਕਤ ਥਾਂ ਪਹੁੰਚ ਗਏ ਤੇ ਉਨ੍ਹਾਂ ਨੂੰ ਵੇਖ ਕੇ ਲੋਕ ਹੈਰਾਨ ਰਹਿ ਗਏ। ਉਨ੍ਹਾਂ ਦੇ ਪਹੁੰਚਣ ਦੀ ਜਾਣਕਾਰੀ ਮਿਲਦਿਆਂ ਹੀ ਘੱਟਗਿਣਤੀ ਮਾਮਲੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਤੁਰਤ ਉਥੇ ਪੁੱਜੇ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਕੀਤੀ।

ਮੋਦੀ ਨੇ ਇਕ ਸਟਾਲ 'ਤੇ ਜਾ ਕੇ ਲਿਟੀ ਚੋਖਾ ਖਾਧਾ ਜਿਸ ਲਈ ਉਨ੍ਹਾਂ 120 ਰੁਪਏ ਦਿਤੇ। ਨਾਲ ਹੀ ਉਨ੍ਹਾਂ ਚਾਹ ਪੀਤੀ। ਇਕ ਕੱਪ ਉਨ੍ਹਾਂ ਖ਼ੁਦ ਲਿਆ ਤੇ ਦੂਜਾ ਨਕਵੀ ਨੂੰ ਦਿਤਾ। ਮੋਦੀ ਨੇ ਚਾਹ ਦੇ ਵੀ 40 ਰੁਪਏ ਦੀ ਅਦਾਇਗੀ ਕੀਤੀ।  

ਮੌਕੇ 'ਤੇ ਮੌਜੂਦ ਕੁੱਝ ਲੋਕਾਂ ਨੇ 'ਮੋਦੀ ਮੋਦੀ' ਦੇ ਨਾਹਰੇ ਲਾਏ ਅਤੇ ਕਈਆਂ ਨੇ ਉਨ੍ਹਾਂ ਨਾਲ ਸੈਲਫ਼ੀ ਵੀ ਖਿਚਵਾਈ।  'ਕੌਸ਼ਲ ਕੋ ਕਾਮ' ਥੀਮ 'ਤੇ ਆਧਾਰਤ ਇਹ ਹੁਨਰ ਹਾਟ 13 ਫ਼ਰਵਰੀ ਤੋਂ 23 ਫ਼ਰਵਰੀ ਤਕ ਲੱਗੀ ਹੈ ਜਿਥੇ ਦੇਸ਼ ਭਰ ਦੇ 'ਹੁਨਰ ਦੇ ਉਸਤਾਦ, ਦਸਤਕਾਰ, ਸ਼ਿਲਪਕਾਰ, ਖ਼ਾਨਸਾਮੇ' ਪੁੱਜੇ ਹੋਏ ਹਨ। ਚੰਡੀਗੜ੍ਹ ਵਿਚ ਇਹ ਮੇਲਾ 13 ਮਾਰਚ ਤੋਂ 22 ਮਾਰਚ ਤਕ ਲੱਗੇਗਾ। ਹੋਰ ਕਈ ਸ਼ਹਿਰਾਂ ਵਿਚ ਵੀ ਇਹ ਮੇਲਾ ਲਗਣਾ ਹੈ।