ਕਰੋਨਾ ਖਿਲਾਫ ਮੈਦਾਨ ਵਿਚ ਮੁੜ ਨਿਤਰੇ ਬਾਬਾ ਰਾਮਦੇਵ, ਕੇਂਦਰੀ ਮੰਤਰੀਆਂ ਸੰਗ ਲਾਂਚ ਕੀਤੀ ਕਰੋਨਾ ਦਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਹੁਣ ਪਤੰਜਲੀ ਦੀ ਕੋਰੋਨਿਲ ਗੋਲੀ ਕਰੇਗੀ ਕੋਵਿਡ ਦਾ ਇਲਾਜ

Baba Ramdev

ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਨੇ ਅੱਜ ਕਰੋਨਾ ਦੀ ਨਵੀਂ ਦਵਾਈ ਬਾਜ਼ਾਰ ਵਿਚ ਉਤਾਰੀ ਹੈ। ਇਸ ਦਾ ਐਲਾਨ ਬਾਬਾ ਰਾਮਦੇਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ। ਇਸ ਮੌਕੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਤੋਂ ਇਲਾਵਾ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਰਹੇ। ਰਾਮਦੇਵ ਮੁਤਾਬਕ ਹੁਣ ਪਤੰਜਲੀ ਦੀ ਕੋਰੋਨਿਲ ਗੋਲੀ ਕੋਵਿਡ-19 ਦਾ ਇਲਾਜ ਕਰੇਗੀ।

ਉਨ੍ਹਾਂ ਦਾਅਵਾ ਕੀਤਾ ਕਿ ਆਯੂਸ਼ ਮੰਤਰਾਲੇ ਵਲੋਂ ਇਸ ਗੋਲੀ ਨੂੰ ਕੋਰੋਨਾ ਡਰੱਗ ਵਜੋਂ ਸਵੀਕਾਰ ਕਰ ਲਿਆ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਪਤੰਜਲੀ ਦੀ ਦਵਾਈ ਦੇ ਖੋਜ ਪੱਤਰ ਵੀ ਜਾਰੀ ਕੀਤੇ ਹਨ। ਰਾਮਦੇਵ ਨੇ ਦਾਅਵਾ ਕੀਤਾ ਕਿ ਪਤੰਜਲੀ ਰਿਸਰਚ ਇੰਸਟੀਚਿਊਟ ਦੀ ਇਹ ਦਵਾਈ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੁਆਰਾ ਪ੍ਰਮਾਣਿਤ ਹੈ।

ਦਾਅਵੇ ਮੁਤਾਬਕ ਡਬਲਯੂਐਚਓ ਨੇ ਇਸ ਨੂੰ ਜੀਐਮਪੀ ਯਾਨੀ ‘ਗੁਡ ਮੈਨੂਫੈਕਚਰਿੰਗ ਪ੍ਰੈਕਟਿਸ’ ਦਾ ਸਰਟੀਫਿਕੇਟ ਦਿੱਤਾ ਹੈ।  ਰਾਮਦੇਵ ਨੇ ਕਿਹਾ, "ਕੋਰੋਨਿਲ ਦੇ ਸੰਦਰਭ ਵਿਚ 9 ਖੋਜ ਪੱਤਰ ਵਿਸ਼ਵ ਦੇ ਸਭ ਤੋਂ ਪ੍ਰਭਾਵਸ਼ਾਲੀ ਖੋਜ ਰਸਾਲਿਆਂ ਵਿਚ ਪ੍ਰਕਾਸ਼ਤ ਕੀਤੇ ਗਏ ਹਨ। 16 ਖੋਜ ਪੱਤਰ ਇਸ ਪਾਈਪ ਲਾਈਨ ਵਿਚ ਹਨ।"

ਕਾਬਲੇਗੌਰ ਹੈ ਕਿ  ਪਿਛਲੇ ਸਾਲ ਜੂਨ ਮਹੀਨੇ ਵਿਚ ਵੀ ਬਾਬਾ ਰਾਮਦੇਵ ਨੇ ‘ਕੋਰੋਨਾ ਕਿੱਟ’ ਲਾਂਚ ਕੀਤੀ ਸੀ ਜੋ ਵਿਵਾਦਾਂ ਵਿਚ ਘਿਰ ਗਈ ਸੀ।  ਉਸ ਸਮੇਂ ਆਯੂਸ਼ ਮੰਤਰਾਲੇ ਨੇ ਕਿਹਾ ਸੀ ਕਿ ਪਤੰਜਲੀ ਇਸ ਦਵਾਈ ਨੂੰ ਸਰੀਰ ਦੀ 'ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦੀ ਹੈ, ਕਹਿ ਕੇ ਵੇਚ ਸਕਦੀ ਹੈ। ਉਸ ਸਮੇਂ ਉਤਰਾਖੰਡ ਦੇ ਆਯੂਸ਼ ਵਿਭਾਗ ਨੇ ਪਤੰਜਲੀ ਆਯੁਰਵੈਦ ਨੂੰ ਨੋਟਿਸ ਵੀ ਜਾਰੀ ਕੀਤਾ ਸੀ ਅਤੇ ਕੋਰੋਨਾ ਲਈ ਦਵਾਈਆਂ ਬਣਾਉਣ ਦੀ ਇਜਾਜ਼ਤ ਜਾਂ ਲਾਇਸੈਂਸ ਨਾ ਲਏ ਜਾਣ ਦੀ ਗੱਲ ਵੀ ਕਹੀ ਸੀ।