ਮੋਦੀ ਦੀ ਵਿਦੇਸ਼ ਯਾਤਰਾ ਤੇ ਇਸ਼ਤਿਹਾਰਾਂ 'ਤੇ ਖ਼ਰਚ ਹੋਏ 66 ਅਰਬ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਨੇ ਅਪਣੀਆਂ ਵਿਦੇਸ਼ ਯਾਤਰਾਵਾਂ ਅਤੇ ਇਸ਼ਤਿਹਾਰਾਂ 'ਤੇ ਪੈਸੇ ਖਰਚਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਪਿਛਲੇ ਸਾਢੇ ਚਾਰ ਸਾਲਾਂ 'ਚ ਮੋਦੀ ਨੇ 84 ਵਿਦੇਸ਼ ਦੌਰੇ ਕੀਤੇ ਹਨ।

PM Narendar modi

ਨਵੀਂ ਦਿੱਲੀ : ਦੇਸ਼ ਵਿਚ ਜਨਤਾ ਦੇ ਹਾਲਾਤ ਭਾਵੇਂ ਜੋ ਮਰਜ਼ੀ ਰਹਿਣ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀਆਂ ਵਿਦੇਸ਼ ਯਾਤਰਾਵਾਂ ਅਤੇ ਇਸ਼ਤਿਹਾਰਾਂ 'ਤੇ ਪੈਸੇ ਖਰਚਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਦੇਸ਼ ਦਾ ਹਰ ਨਾਗਰਿਕ ਇਨ੍ਹਾਂ ਕੰਮਾਂ 'ਤੇ ਖ਼ਰਚ ਹੋਣ ਵਾਲੀ ਰਾਸ਼ੀ ਸੁਣ ਕੇ ਹੈਰਾਨ ਰਹਿ ਜਾਵੇਗਾ।

ਦਰਅਸਲ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ ਯਾਤਰਾਵਾਂ ਅਤੇ ਸਰਕਾਰੀ ਇਸ਼ਤਿਹਾਰਾਂ 'ਤੇ 920 ਮਿਲੀਅਨ ਡਾਲਰ ਯਾਨੀ 6622 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਜਿਨ੍ਹਾਂ ਵਿਚੋਂ 280 ਮਿਲੀਅਨ ਡਾਲਰ ਯਾਨੀ 2 ਹਜ਼ਾਰ ਕਰੋੜ ਰੁਪਏ ਪ੍ਰਧਾਨ ਮੰਤਰੀ ਮੋਦੀ ਦੀਆਂ ਵਿਦੇਸ਼ ਯਾਤਰਾਵਾਂ 'ਤੇ ਹੀ ਖ਼ਰਚ ਹੋਏ। ਜਦਕਿ ਸਰਕਾਰੀ ਨੀਤੀਆਂ ਨਾਲ ਜੁੜੇ ਇਸ਼ਤਿਹਾਰਾਂ 'ਤੇ 640 ਮਿਲੀਅਨ ਡਾਲਰ ਯਾਨੀ 4607 ਕਰੋੜ ਰੁਪਏ ਖ਼ਰਚ ਕੀਤੇ ਗਏ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਜਾਣਕਾਰੀ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਵਲੋਂ ਰਾਜ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਦਿਤੀ ਗਈ ਹੈ। ਵਿਦੇਸ਼ ਮੰਤਰਾਲਾ ਅਨੁਸਾਰ ਪਿਛਲੇ ਸਾਢੇ ਚਾਰ ਸਾਲਾਂ ਵਿਚ ਪ੍ਰਧਾਨ ਮੰਤਰੀ ਮੋਦੀ ਨੇ 84 ਵਿਦੇਸ਼ ਦੌਰੇ ਕੀਤੇ ਹਨ ਹਾਲਾਂਕਿ ਉਨ੍ਹਾਂ ਦੀ ਵਿਦੇਸ਼ ਯਾਤਰਾ ਦੌਰਾਨ ਸਭ ਤੋਂ ਜ਼ਿਆਦਾ ਖ਼ਰਚ ਏਅਰ ਇੰਡੀਅਨ ਵਨ ਦੇ ਰੱਖ ਰਖਾਅ ਅਤੇ ਸੁਰੱਖਿਅਤ ਹਾਟਲਾਈਨ ਸਥਾਪਿਤ ਕਰਨ ਵਿਚ ਹੋਇਆ ਹੈ।

ਜ਼ਿਕਰਯੋਗ ਹੈ ਕਿ ਮਈ 2014 ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਪਹਿਲਾ ਵਿਦੇਸ਼ ਦੌਰਾ ਜਪਾਨ ਦਾ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਕਈ ਵੱਡੇ ਦੇਸ਼ਾਂ ਦੇ ਦੌਰੇ ਕੀਤੇ, ਜਿਨ੍ਹਾਂ ਵਿਚ ਜਪਾਨ ਤੋਂ ਇਲਾਵਾ ਅਮਰੀਕਾ, ਚੀਨ, ਜਰਮਨੀ, ਰੂਸ ਅਤੇ ਬ੍ਰਿਟੇਨ ਸ਼ਾਮਲ ਹਨ। ਇਸ ਦੌਰਾਨ ਪੀਐਮ ਮੋਦੀ ਪੰਜ ਵਾਰ ਅਮਰੀਕਾ, ਤਿੰਨ-ਤਿੰਨ ਵਾਰ ਫਰਾਂਸ, ਜਰਮਨੀ ਅਤੇ ਰੂਸ ਦੀ ਯਾਤਰਾ 'ਤੇ ਜਾ ਚੁੱਕੇ ਹਨ।

ਵਿਰੋਧੀ ਪਾਰਟੀਆਂ ਵਲੋਂ ਪੀਐਮ ਦੇ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਹਨ। ਪਰ ਪੀਐਮ ਅਤੇ ਭਾਜਪਾ ਨੇਤਾ ਇਨ੍ਹਾਂ ਵਿਦੇਸ਼ ਦੌਰਿਆਂ ਨੂੰ ਵਿਕਸਤ ਦੇਸ਼ਾਂ ਨਾਲ ਬਿਹਤਰ ਸਬੰਧ ਬਣਾਉਣ ਅਤੇ ਨਿਵੇਸ਼ ਤਲਾਸ਼ਣ ਦਾ ਮੌਕਾ ਦੱਸਦੇ ਹਨ। ਹੁਣ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਫਿਰ ਤੋਂ ਵਿਰੋਧੀਆਂ ਵਲੋਂ ਪੀਐਮ ਮੋਦੀ ਦੇ ਵਿਦੇਸ਼ ਦੌਰਿਆਂ ਦਾ ਮੁੱਦਾ ਉਠਾਇਆ ਜਾ ਰਿਹਾ ਹੈ।