ਕਾਂਗਰਸੀ ਆਗੂ ਹਾਰਦਿਕ ਪਟੇਲ ਨੂੰ ਮਾਰਿਆ ਥੱਪੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਾਂ ਨੇ ਥੱਪੜ ਮਾਰਨ ਵਾਲੇ ਵਿਅਕਤੀ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ ; ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ

Hardik Patel slapped at a public meeting in Gujarat

ਨਵੀਂ ਦਿੱਲੀ : ਕਾਂਗਰਸੀ ਆਗੂ ਹਾਰਦਿਕ ਪਟੇਲ ਨੂੰ ਗੁਜਰਾਤ ਦੇ ਸੁਰਿੰਦਰ ਨਗਰ 'ਚ ਇਕ ਰੈਲੀ ਸਮੇਂ ਥੱਪੜ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਰੈਲੀ 'ਚ ਮੌਜੂਦ ਲੋਕਾਂ ਨੇ ਥੱਪੜ ਮਾਰਨ ਵਾਲੇ ਵਿਅਕਤੀ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਰਦਿਕ ਪਟੇਲ ਨੂੰ ਥੱਪੜ ਮਾਰਨ ਦੀ ਵੀਡੀਓ ਸਾਹਮਣੇ ਆਈ ਹੈ। ਜਦੋਂ ਹਾਰਦਿਕ ਪਟੇਲ ਸੁਰਿੰਦਰ ਨਗਰ ਦੇ ਬਢਵਾਨ 'ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਉਦੋਂ ਇਕ ਵਿਅਕਤੀ ਮੰਚ 'ਤੇ ਆਇਆ ਅਤੇ ਹਾਰਦਿਕ ਨੂੰ ਥੱਪੜ ਮਾਰ ਦਿੱਤਾ। ਇਸ ਦੌਰਾਨ ਮੰਚ 'ਤੇ ਮੌਜੂਦ ਲੋਕਾਂ ਨੇ ਇਸ ਵਿਅਕਤੀ ਨੂੰ ਫੜ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ।

 


 

ਲੋਕਾਂ ਨੇ ਉਸ ਦੇ ਕਪੜੇ ਤਕ ਪਾੜ ਦਿੱਤੇ। ਹਸਪਤਾਲ 'ਚ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਥੱਪੜ ਪੈਣ ਤੋਂ ਬਾਅਦ ਹਾਰਦਿਕ ਪਟੇਲ ਨੇ ਕਿਹਾ, "ਭਾਜਪਾ ਵਾਲੇ ਚਾਹੁੰਦੇ ਹਨ ਕਿ ਮੈਨੂੰ ਮਾਰ ਦਿੱਤਾ ਜਾਵੇ। ਇਹ ਲੋਕ ਹਮਲੇ ਕਰਵਾ ਰਹੇ ਹਨ, ਪਰ ਅਸੀ ਚੁੱਪ ਨਹੀਂ ਬੈਠਾਂਗੇ।" ਇਸ ਘਟਨਾ ਤੋਂ ਬਾਅਦ ਹਾਰਦਿਕ ਪਟੇਲ ਨੇ ਸੁਰਿੰਦਰ ਨਗਰ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ।

 


 

ਹਾਰਦਿਕ ਪਟੇਲ ਸੁਰਿੰਦਰ ਨਗਰ 'ਚ ਕਾਂਗਰਸੀ ਆਗੂ ਸੋਮਾ ਪਟੇਲ ਦੇ ਪੱਖ 'ਚ ਰੈਲੀ ਕਰ ਰਹੇ ਸਨ। ਹਾਰਦਿਕ ਨੂੰ ਥੱਪੜ ਮਾਰਨ ਵਾਲੇ ਵਿਅਕਤੀ ਦਾ ਨਾਂ ਤਰੁਣ ਮਿਸਤਰੀ ਹੈ। ਉਹ ਗੁਜਰਾਤ ਦੇ ਕੜੀ ਦਾ ਰਹਿਣ ਵਾਲਾ ਹੈ। ਘਟਨਾ ਤੋਂ ਬਾਅਦ ਲੋਕਾਂ ਨੇ ਇਸ ਵਿਅਕਤੀ ਦੀ ਮਾਰਕੁੱਟ ਕੀਤੀ। ਮੌਕੇ 'ਤੇ ਮੌਜੂਦ ਪੁਲਿਸ ਨੇ ਕਿਸੇ ਤਰ੍ਹਾਂ ਉਸ ਨੂੰ ਬਚਾਇਆ ਅਤੇ ਹਸਪਤਾਲ 'ਚ ਦਾਖ਼ਲ ਕਰਵਾਇਆ।

 


 

ਭਾਜਪਾ ਆਗੂ 'ਤੇ ਸੁੱਟੀ ਸੀ ਜੁੱਤੀ : ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਜੀ.ਵੀ.ਐਲ. ਨਰਸਿਮਹਾ ਰਾਓ 'ਤੇ ਇਕ ਵਿਅਕਤੀ ਨੇ ਜੁੱਤੀ ਸੁੱਟੀ ਸੀ। ਨਰਸਿਮਹਾ ਰਾਓ ਦਿੱਲੀ ਦੇ ਭਾਜਪਾ ਦਫ਼ਤਰ 'ਚ ਪ੍ਰੈੱਸ ਕਾਨਫ਼ਰੰਸ ਕਰ ਰਹੇ ਸਨ। ਜੁੱਤੀ ਸੁੱਟਣ ਵਾਲੇ ਦੀ ਪਛਾਣ ਸ਼ਕਤੀ ਭਾਰਗਵ ਵਜੋਂ ਹੋਈ ਸੀ ਅਤੇ ਉਹ ਪੇਸ਼ੇ ਤੋਂ ਡਾਕਟਰ ਹੈ।