ਵੋਟ ਸਿਆਸਤ : 24 ਸਾਲਾਂ ਮਗਰੋਂ ਇਕ ਮੰਚ 'ਤੇ ਦਿਸੇ ਮਾਇਆਵਤੀ ਤੇ ਮੁਲਾਇਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਅਸਲੀ ਨੇਤਾ' ਮੁਲਾਇਮ ਸਿੰਘ ਨੂੰ ਵੋਟਾਂ ਪਾ ਕੇ ਜਿਤਾਉ : ਮਾਇਆਵਤੀ

Mayawati, Mulayam share stage after 2 decades

ਮੈਨਪੁਰੀ :  ਸਾਲਾਂ ਪੁਰਾਣੀ ਦੁਸ਼ਮਣੀ ਭੁੱਲ ਕੇ ਬਸਪਾ ਮੁਖੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੇ ਇਥੇ ਚੋਣ ਰੈਲੀ ਦੌਰਾਨ ਮੰਚ ਸਾਂਝਾ ਕੀਤਾ। ਯੂਪੀ ਦੇ ਮੈਨਪੁਰੀ ਵਿਚ ਹੋਈ ਰੈਲੀ ਦੌਰਾਨ ਮਾਇਆਵਤੀ ਨੇ ਮੁਲਾਇਮ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਉਸ ਨੂੰ 'ਅਸਲੀ ਨੇਤਾ' ਕਰਾਰ ਦਿਤਾ। 1995 ਵਿਚ ਹੋਏ ਬਹੁਚਰਚਿਤ ਗੈਸਟਹਾਊਸ ਕਾਂਡ ਮਗਰੋਂ ਸਮਾਜਵਾਦੀ ਪਾਰਟੀ ਨਾਲ ਰਿਸ਼ਤੇ ਤੋੜ ਚੁੱਕੀ ਮਾਇਆਵਤੀ ਜਦ ਰੈਲੀ ਲਈ ਕ੍ਰਿਸ਼ਚੀਅਨ ਕਾਲਜ ਦੇ ਮੈਦਾਨ ਵਿਚ ਪੁੱਜੀ ਤਾਂ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।

ਸਪਾ ਦੇ ਗੜ੍ਹ ਮੈਨਪੁਰੀ ਵਿਚ ਮਾਇਆਵਤੀ ਦਾ ਸਵਾਗਤ ਕਰਨ ਵਾਲਿਆਂ ਵਿਚ ਭਾਰੀ ਗਿਣਤੀ ਵਿਚ ਸਮਾਜਵਾਦੀ ਪਾਰਟੀ ਦੇ ਕਾਰਕੁਨ ਸ਼ਾਮਲ ਸਨ। ਮਾਇਆਵਤੀ ਨੇ ਮੈਨਪੁਰੀ ਲੋਕ ਸਭਾ ਸੀਟ ਤੋਂ ਸਪਾ ਉਮੀਦਵਾਰ ਮੁਲਾਇਮ ਸਿੰਘ ਯਾਦਵ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ, 'ਇਸ ਗਠਜੋੜ ਤਹਿਤ ਮੈਨਪੁਰੀ ਵਿਚ ਖ਼ੁਦ ਮੁਲਾਇਮ ਲਈ ਵੋਟ ਮੰਗਣ ਆਈ ਹਾਂ। ਜਨਹਿੱਤ ਵਿਚ ਕਦੇ ਕਦੇ ਸਾਨੂੰ ਕੁੱਝ ਸਖ਼ਤ ਫ਼ੈਸਲੇ ਵੀ ਕਰਨੇ ਪੈਂਦੇ ਹਨ। ਦੇਸ਼ ਦੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਇਹ ਫ਼ੈਸਲਾ ਲਿਆ ਗਿਆ।' 

ਉਨ੍ਹਾਂ ਕਿਹਾ, 'ਤੁਸੀਂ ਜਾਣਨਾ ਚਾਹੋਗੇ ਕਿ 2 ਜੂਨ 1995 ਦੇ ਗੈਸਟਹਾਊਸ ਕਾਂਡ ਮਗਰੋਂ ਵੀ ਦੋਵੇਂ ਪਾਰਟੀਆਂ ਗਠਜੋੜ ਕਰ ਕੇ ਚੋਣਾਂ ਲੜ ਰਹੀਆਂ ਹਨ? ਕਈ ਵਾਰ ਸਖ਼ਤ ਫ਼ੈਸਲੇ ਕਰਨੇ ਪੈਂਦੇ ਹਨ। ਮੇਰੀ ਅਪੀਲ ਹੈ ਕਿ ਪਿਛੜੇ ਵਰਗ ਦੇ ਅਸਲੀ ਨੇਤਾ ਮੁਲਾਇਮ ਸਿੰਘ ਯਾਦਵ ਨੂੰ ਚੁਣ ਕੇ ਸੰਸਦ ਵਿਚ ਭੇਜੋ। ਉਨ੍ਹਾਂ ਦੇ ਉਤਰਾਅਧਿਕਾਰੀ ਅਖਿਲੇਸ਼ ਯਾਦਵ ਅਪਣੀ ਜ਼ਿੰਮੇਵਾਰੀ ਪੂਰੀ ਤਨਤੇਹੀ ਨਾਲ ਨਿਭਾ ਰਹੇ ਹਨ।' ਮੰਚ 'ਤੇ ਮੁਲਾਇਮ ਦੇ ਪਹੁੰਚਣ 'ਤੇ ਮਾਇਆਵਤੀ ਨੇ ਖੜੇ ਹੋ ਕੇ ਉਸ ਦਾ ਸਵਾਗਤ ਕੀਤਾ। ਮਾਇਆਵਤੀ ਨੇ ਕਿਹਾ ਕਿ ਮੁਲਾਇਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਫ਼ਰਜ਼ੀ ਪਿਛੜੇ ਵਰਗ ਦੇ ਨਹੀਂ ਹਨ। ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਬਹੁਤ ਦਿਨਾਂ ਮਗਰੋਂ ਅਸੀਂ ਅਤੇ ਮਾਇਆਵਤੀ ਇਕ ਮੰਚ 'ਤੇ ਹਾਂ।