ਮੁਲਾਇਮ, ਅਖਿਲੇਸ਼ ਵਿਰੁਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸੀਬੀਆਈ ਨੂੰ ਸੁਪਰੀਮ ਕੋਰਟ ਦਾ ਨੋਟਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਬੀਆਈ ਨੂੰ ਮਾਮਲੇ ਵਿਚ ਜਾਂਚ ਦੀ ਸਥਿਤੀ ਦੱਸਣ ਲਈ ਦੋ ਹਫ਼ਤਿਆਂ ਅੰਦਰ ਜਵਾਬ ਦਾਖ਼ਲ ਕਰਨ ਦੇ ਆਦੇਸ਼

Mulayam and Akhilesh

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਮਾਜਵਾਦੀ ਪਾਰਟੀ ਆਗੂ ਮੁਲਾਇਮ ਸਿੰਘ ਯਾਦਵ ਅਤੇ ਉਨ੍ਹਾਂ ਦੇ ਬੇਟਿਆਂ ਅਖਿਲੇਸ਼ ਅਤੇ ਪ੍ਰਤੀਕ ਵਿਰੁਧ ਇਨਕਮ ਤੋਂ ਵੱਧ ਜਇਦਾਦ ਮਾਮਲੇ ਵਿਚ ਸੀਬੀਆਈ ਨੂੰ ਜਾਂਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦੀ ਮੰਗ ਵਾਲੀ ਪਟੀਸ਼ਨ 'ਤੇ ਸੋਮਵਾਰ ਨੂੰ ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕੀਤਾ।  ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ਸੀਬੀਆਈ ਤੋਂ ਇਸ ਮਾਮਲੇ ਵਿਚ ਜਾਂਚ ਦੀ ਸਥਿਤੀ ਦੱਸਣ ਲਈ ਦੋ ਹਫ਼ਤਿਆਂ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ।

ਬੈਂਚ ਕਾਂਗਰਸ ਨੇਤਾ ਵਿਸ਼ਵਨਾਥ ਚਤੁਰਵੇਦੀ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ ਜਿਸ ਵਿਚ ਸੀਬੀਆਈ ਨੂੰ ਮਾਮਲੇ ਦੀ ਜਾਂਚ ਦੀ ਸਥਿਤੀ ਅਦਾਲਤ ਨੂੰ ਦੱਸਣ ਲਈ ਹੁਕਮ ਦੇਣ ਦੀ ਅਪੀਲ ਕੀਤੀ ਗਈ। ਚਤੁਰਵੇਦੀ ਨੈ 2005 ਵਿਚ ਉੱਚ ਅਦਾਲਤ ਵਿਚ ਜਨਹਿਤ ਪਟੀਸ਼ਨ ਦਾਇਰ ਕਰ ਕੇ ਸੀਬੀਆਈ ਨੂੰ ਇਹ ਹੁਕਮ ਦੇਣ ਦੀ ਅਪੀਲ ਕੀਤੀ ਸੀ ਕਿ ਮੁਲਾਇਮ, ਅਖਿਲੇਸ਼ ਅਤੇ ਉਨ੍ਹਾਂ ਦੀ ਪਤਨੀ ਡਿੰਪਲ ਅਤੇ ਪ੍ਰਤੀਕ ਵਿਰੁਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਮੁਕੱਦਮਾ ਚਲਾਉਣ ਲਈ ਕਾਰਵਾਈ ਕੀਤੀ ਜਾਵੇ। ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਅਪਣੇ ਅਹੁਦਿਆਂ ਦੀ ਗ਼ਲਤ ਵਰਤੋਂ ਕਰਦਿਆਂ ਇਨਕਮ ਤੋਂ ਜ਼ਿਆਦਾ ਜਾਇਦਾਦ ਬਣਾਈ ਹੈ। 

ਚਤੁਰਵੇਦੀ ਨੇ ਅਪਣੀ ਨਵੀਂ ਪਟੀਸ਼ਨ ਵਿਚ ਕਿਹਾ ਹੈ ਕਿ 11 ਸਾਲ ਤੋਂ ਇਸ ਮਾਮਲੇ ਵਿਚ ਕਿਸੇ ਕਾਰਵਾਈ ਦੇ ਬਿਨਾਂ ਲੰਮਾਂ ਸਮਾਂ ਗੁਜ਼ਰ ਚੁੱਕਾ ਹੈ। ਹੁਣ ਤਕ ਮੁਲਾਇਮ-ਅਖਿਲੇਸ਼ ਵਿਰੁਧ ਐਫ਼.ਆਈ.ਆਰ. ਦਰਜ ਨਹੀਂ ਹੋਈ ਅਤੇ ਇਸ ਨਾਲ ਨਾ ਸਿਰਫ਼ ਪੂਰੇ ਮਾਮਲੇ ਨੂੰ ਭਰਪੂਰ ਨੁਕਸਾਨ ਪਹੁੰਚਿਆ ਸਗੋਂ ਸਾਡੀਆਂ ਜਾਂਚ ਏਜੰਸੀਆਂ ਦੇ ਵਿਸ਼ਵਾਸ ਅਤੇ ਇਮਾਨਦਾਰੀ 'ਤੇ ਗੰਭੀਰ ਸਵਾਲ ਉੱਠੇ ਹਨ। ਇਸ  ਵਿਚ ਕਿਹਾ ਗਿਆ ਹੈ ਕਿ ਇਨਕਮ ਟੈਕਸ ਰਿਟਰਨ ਅਤੇ ਯਾਦਵ ਪਰਵਾਰ ਦੇ ਵਿਸ਼ਵਾਸਪਾਤਰ ਦਸਤਾਵੇਜ਼ਾ ਦੇ ਆਧਾਰ 'ਤੇ ਇਨਕਮ ਤੋਂ ਜ਼ਿਆਦਾ ਜਾਇਦਾਦ ਕਰੀਬ 2.63 ਕਰੋੜ ਰੁਪਏ ਹੈ।  (ਪੀਟੀਆਈ)