26/11 ਹਮਲੇ 'ਚ ਸ਼ਹੀਦ ਹੇਮੰਤ ਕਰਕਰੇ ਨੂੰ ਮਿਲੀ ਆਪਣੇ ਕਰਮਾਂ ਦੀ ਸਜ਼ਾ : ਸਾਧਵੀ ਪ੍ਰਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਮੇਰੇ ਜੇਲ ਜਾਣ ਦੇ ਲਗਭਗ 45 ਦਿਨ ਬਾਅਦ ਹੀ ਸ਼ਹੀਦ ਹੇਮੰਤ ਕਰਕਰੇ 26/11 ਦੇ ਅਤਿਵਾਦੀ ਹਮਲੇ ਦਾ ਸ਼ਿਕਾਰ ਹੋ ਗਿਆ

Sadhvi Pragya shocker on 26/11 martyr: He died for treating me badly

ਭੋਪਾਲ : ਮੱਧ ਪ੍ਰਦੇਸ਼ ਦੀ ਭੋਪਾਲ ਸੀਟ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਨੇ 26/11 ਮੁੰਬਈ ਹਮਲੇ 'ਚ ਸ਼ਹੀਦ ਹੋਏ ਹੇਮੰਤ ਕਰਕਰੇ ਬਾਰੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਏ.ਟੀ.ਐਸ. ਮੁਖੀ ਹੇਮੰਤ ਕਰਕਰੇ ਨੂੰ ਉਨ੍ਹਾਂ ਦੇ ਕਰਮਾਂ ਦੀ ਸਜ਼ਾ ਮਿਲੀ ਹੈ। ਉਨ੍ਹਾਂ ਦੇ ਕਰਮ ਠੀਕ ਨਹੀਂ ਸਨ। ਇਸ ਲਈ ਉਨ੍ਹਾਂ ਨੂੰ ਸਾਧ-ਸੰਤਾਂ ਦਾ ਸ਼ਰਾਪ ਲੱਗਾ ਸੀ।

ਸਾਧਵੀ ਪ੍ਰਗਿਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਮਾਲੇਗਾਓਂ ਬੰਬ ਧਮਾਕੇ ਦੇ ਸਬੰਧ 'ਚ ਏ.ਟੀ.ਐਸ. ਮੈਨੂੰ 10 ਅਕਤੂਬਰ 2008 ਨੂੰ ਸੂਰਤ ਤੋਂ ਮੁੰਬਈ ਲੈ ਕੇ ਗਈ ਸੀ। ਉਥੇ 13 ਦਿਨ ਤਕ ਬੰਧੀ ਬਣਾ ਕੇ ਰੱਖਿਆ। ਮੇਰੇ ਨਾਲ ਬੁਰਾ ਸਲੂਕ ਕੀਤਾ ਗਿਆ। ਹੇਮੰਤ ਕਰਕਰੇ ਨੂੰ ਸਾਧ-ਸੰਤਾਂ ਦਾ ਸ਼ਰਾਪ ਲੱਗਾ ਹੈ ਅਤੇ ਮੇਰੇ ਜੇਲ ਜਾਣ ਦੇ ਲਗਭਗ 45 ਦਿਨ ਬਾਅਦ ਹੀ ਉਹ 26/11 ਦੇ ਅਤਿਵਾਦੀ ਹਮਲੇ ਦਾ ਸ਼ਿਕਾਰ ਹੋ ਗਿਆ।"

ਸਾਧਵੀ ਪ੍ਰਗਿਆ ਨੇ ਕਿਹਾ, "ਜਦੋਂ ਮੈਂ ਮੁੰਬਈ ਜੇਲ 'ਚ ਸੀ। ਉਸ ਸਮੇਂ ਜਾਂਚ ਬਿਠਾਈ ਗਈ ਸੀ। ਸੁਰੱਖਿਆ ਕਮਿਸ਼ਨ ਦੇ ਮੈਂਬਰ ਨੇ ਹੇਮੰਤ ਕਰਕਰੇ ਨੂੰ ਬੁਲਾਇਆ ਅਤੇ ਕਿਹਾ ਕਿ ਜੇ ਸਬੂਤ ਨਹੀਂ ਹਨ ਤੇਰੇ ਕੋਲ ਤਾਂ ਸਾਧਵੀ ਜੀ ਨੂੰ ਛੱਡ ਦਿਓ। ਉਹ ਵਿਅਕਤੀ ਕਹਿੰਦਾ ਹੈ ਕਿ ਮੈਂ ਸਬੂਤ ਲੈ ਕੇ ਆਵਾਂਗਾ। ਕੁਝ ਵੀ ਕਰਾਂਗਾ ਪਰ ਮੈਂ ਸਾਧਵੀ ਨੂੰ ਨਹੀਂ ਛੱਡਾਂਗਾ।"

ਸਾਧਵੀ ਦੇ ਇਸ ਬਿਆਨ ਤੋਂ ਬਾਅਦ ਕਈ ਆਗੂਆਂ ਨੇ ਸਖ਼ਤ ਸ਼ਬਦਾਂ 'ਚ ਇਤਰਾਜ਼ ਪ੍ਰਗਟਾਇਆ ਹੈ। ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਸਿਰਫ਼ ਭਾਜਪਾਈ ਹੀ 26/11 ਦੇ ਸ਼ਹੀਦ ਹੇਮੰਤ ਕਰਕਰੇ ਨੂੰ ਦੇਸ਼ਧ੍ਰੋਹੀ ਐਲਾਨਣ ਦਾ ਜੁਰਮ ਕਰ ਸਕਦੇ ਹਨ। ਇਹ ਦੇਸ਼ ਦੇ ਹਰ ਫ਼ੌਜੀ ਦਾ ਅਪਮਾਨ ਹੈ, ਜੋ ਅਤਿਵਾਦ ਵਿਰੁੱਧ ਲੜਦਿਆਂ ਆਪਣੀ ਜਾਨ ਦੀ ਕੁਰਬਾਨੀ ਦਿੰਦੇ ਹਨ। ਪ੍ਰਗਿਆ ਦੇਸ਼ ਤੋਂ ਮਾਫ਼ੀ ਮੰਗੇ ਅਤੇ ਪ੍ਰਗਿਆ 'ਤੇ ਕਾਰਵਾਈ ਕੀਤੀ ਜਾਵੇ।

ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਸ਼ਹੀਦ ਹੇਮੰਦ ਕਰਕਰੇ ਦੀ ਸ਼ਹਾਦਤ ਦਾ ਅਪਮਾਨ ਕਰਨ ਵਾਲੀ ਪ੍ਰਗਿਆ ਠਾਕੁਰ ਭਾਜਪਾ ਦੀ ਉਮੀਦਵਾਹ ਹੈ। ਕਿੱਥੇ ਹਨ ਮੋਦੀ ਜੀ? ਸ਼ਹੀਦਾਂ ਦੇ ਨਾਂ 'ਤੇ ਵੋਟ ਮੰਗਦੇ ਹਨ ਅਤੇ ਅਪਮਾਨ ਕਰਨ ਵਾਲੀ ਨੂੰ ਟਿਕਟ ਦਿੰਦੇ ਹਨ।

ਆਪ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ਼ ਨੇ ਵੀ ਇਸ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੁੰਬਈ ਅਤਿਵਾਦੀ ਹਮਲੇ 'ਚ ਅਤਿਵਾਦੀਆਂ ਨਾਲ ਸਿੱਧੇ ਭਿੜਨ ਵਾਲੇ ਹੇਮੰਦ ਕਰਕਰੇ ਦੇ ਬਲਿਦਾਨ ਨੂੰ 'ਉਸ ਦੇ ਕਰਮਾਂ ਦੀ ਸਜ਼ਾ' ਦੱਸ ਰਹੀ ਹੈ। ਭੋਪਾਲ ਦੇ ਭਾਜਪਾ ਆਗੂ ਜੋ ਸਟੇਜ਼ 'ਤੇ ਬੈਠੇ ਹਨ ਉਹ ਇਕ ਚੋਣ ਜਿੱਤਣ ਲਈ ਬੇਸ਼ਰਮੀ ਨਾਲ ਤਾੜੀਆਂ ਵਜਾ ਰਹੇ ਹਨ। 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, "26/11 ਦੇ ਸ਼ਹੀਦ ਹੇਮੰਤ ਕਰਕਰੇ ਜੀ 'ਤੇ ਭੋਪਾਲ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਪ੍ਰਗਿਆ ਕੁਮਾਰ ਦੇ ਬਿਆਨਾਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਭਾਜਪਾ ਆਪਣਾ ਅਸਲੀ ਰੰਗ ਵਿਖਾ ਰਹੀ ਹੈ ਅਤੇ ਇਸ ਨੂੰ ਹੁਣ ਇਸ ਦੀ ਥਾਂ ਵਿਖਾ ਦੇਣੀ ਚਾਹੀਦੀ ਹੈ।"

ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ, "ਭਾਜਪਾ ਹੇਮੰਤ ਕਰਕਰੇ ਦੀ ਸ਼ਹਾਦਤ 'ਤੇ ਸਵਾਲ ਚੁੱਕ ਰਹੀ ਹੈ, ਜਿਨ੍ਹਾਂ ਨੇ ਮੁੰਬਈ ਅੱਤਵਾਦੀ ਹਮਲੇ 'ਚ 'ਭਾਰਤ ਮਾਤਾ' ਦੀ ਸੁਰੱਖਿਆ ਕੀਤੀ। ਇਸ 'ਤੇ ਕਿਸੇ ਭਗਤ ਨੂੰ ਗੁੱਸਾ ਨਹੀਂ ਆਏਗਾ, ਇਹ ਭਾਜਪਾ ਦੀ ਦੇਸ਼ ਭਗਤੀ ਹੈ।"

ਸ਼ਹਾਦਤ ਦੇਣ ਵਾਲਿਆਂ 'ਤੇ ਕਿਸੇ ਨੂੰ ਟਿੱਪਣੀ ਦਾ ਅਧਿਕਾਰ ਨਹੀਂ : ਦਿਗਵਿਜੇ
ਭੋਪਾਲ ਤੋਂ ਕਾਂਗਰਸ ਉਮੀਦਵਾਰ ਅਤੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਕਿਹਾ ਕਿ ਦੇਸ਼ ਲਈ ਸ਼ਹਾਦਤ ਦੇਣ ਵਾਲਿਆਂ 'ਤੇ ਕਿਸੇ ਨੂੰ ਵੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ। ਦਿਗਵਿਜੇ ਨੇ ਕਿਹਾ ਕਿ ਉਹ ਚੋਣਾਂ 'ਚ ਆਪਣੇ ਮੁਕਾਬਲੇਬਾਜ਼ ਵਿਰੁੱਧ ਟਿੱਪਣੀ ਨਹੀਂ ਕਰਦੇ ਹਨ ਪਰ ਇਹ ਸੱਚ ਹੈ ਕਿ ਜਿਸ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੋਵੇ, ਉਸ 'ਤੇ ਕਿਸੇ ਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਕਰਕਰੇ ਈਮਾਨਦਾਰ ਅਧਿਕਾਰੀ ਸਨ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਜਾਨ ਗਵਾ ਦਿੱਤੀ।  ਕਰਕਰੇ ਦੀ ਸ਼ਹਾਦਤ 'ਤੇ ਸਾਰਿਆਂ ਨੂੰ ਮਾਣ ਹੈ।