ਵਧਦੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਧਾਰਮਕ ਸਮਾਗਮਾਂ 'ਚ ਇਕੱਠਾ ’ਤੇ ਸਖ਼ਤੀ ਵਰਤੀ ਜਾਵੇਗੀ : ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁੰਭ ਮੇਲਾ ਹੋਵੇ ਜਾਂ ਰਮਜ਼ਾਨ, ਕੋਰੋਨਾ ਨਿਯਮਾਂ ਦੀ ਅਣਦੇਖੀ ਦੀ ਕਿਸੇ ਨੂੰ ਵੀ ਨਹੀਂ ਮਿਲੇਗੀ ਇਜ਼ਾਜਤ

Amit Shah

ਨਵੀਂ ਦਿੱਲੀ : ਦੇਸ਼ ਅੰਦਰ ਵਧਦੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸਮਾਜਕ ਅਤੇ ਧਾਰਮਕ ਸਮਾਗਮਾਂ ‘ਤੇ ਸਖਤੀ ਵਰਤਣ ਦਾ ਮੰਨ ਬਣਾ ਲਿਆ ਹੈ। ਇਸ ਦੇ ਸੰਕੇਤ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ’ਚ ਦਿੱਤੇ ਹਨ। ਇਸ ਵਕਤ ਦੇਸ਼ ਕੋਰੋਨਾ ਮਹਾਮਾਰੀ ਦੀ ਆਫ਼ਤ ਤੋਂ ਬਾਹਰ ਨਿਕਲਣ ਦੀ ਹਰ ਕੋਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਪਰ ਕੁਝ ਲੋਕ ਅਜਿਹੇ ਵੀ ਹਨ, ਜੋ ਨਿਯਮਾਂ ਦੀਆਂ ਧੱਜੀਆਂ ਉਡਾਉਣ ਤੋਂ ਬਾਜ ਨਹੀਂ ਆ ਰਹੇ ਹਨ। ਇਸ 'ਤੇ ਸਖ਼ਤ ਪ੍ਰਤੀਕਿਰਿਆ ਜਾਹਰ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੁੰਭ ਮੇਲਾ ਹੋਵੇ ਜਾਂ ਰਮਜ਼ਾਨ, ਕਿਤੇ ਵੀ ਕੋਰੋਨਾ ਨਿਯਮਾਂ ਦੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਅਮਿਤ ਸ਼ਾਹ ਨੇ ਕਿਹਾ ਕਿ ਚਾਹੇ ਕੁੰਭ ਮੇਲਾ ਹੋਵੇ ਜਾਂ ਰਮਜ਼ਾਨ ਹੋਵੇ, ਇੱਥੇ ਲੋਕ ਕੋਰੋਨਾ ਤੋਂ ਬਚਾਅ ਲਈ ਤੈਅ ਪ੍ਰੋਟੋਕਾਲ ਦਾ ਪਾਲਣ ਕਰਨ ’ਚ ਅਸਫ਼ਲ ਸਿੱਧ ਹੋਏ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਕੋਰੋਨਾ ਨਿਯਮਾਂ ਦੀ ਅਣਦੇਖੀ ਨਹੀਂ ਕਰ ਸਕਦਾ। ਕੁੰਭ ਮੇਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਸੰਤਾਂ ਨੂੰ ਅਪੀਲ ਕੀਤੀ ਅਤੇ ਸੰਤਾਂ ਨੇ ਉਨ੍ਹਾਂ ਦੀ ਅਪੀਲ ਮੰਨੀ ਹੈ। ਜਿਸ ਤੋਂ ਬਾਅਦ ਸੰਤਾਂ ਨੇ ਵੀ ਜਨਤਾ ਨੂੰ ਵੀ ਕੁੰਭ ਮੇਲੇ ਵਿਚ ਨਾ ਆਉਣ ਦੀ ਅਪੀਲ ਕੀਤੀ।

ਕਾਬਲੇਗੌਰ ਹੈ ਕਿ ਚੱਲ ਰਹੇ ਕੁੰਭ ਮੇਲੇ ਵਿਚ ਵੱਡੀ ਗਿਣਤੀ ਸ਼ਰਧਾਲੂ ਇਕੱਤਰ ਹੋਏ ਹਨ। ਇਸ ਦੌਰਾਨ ਕੁੰਭ ਮੇਲੇ ’ਚ 10 ਤੋਂ 14 ਅਪ੍ਰੈਲ ਦਰਮਿਆਨ ਕੁੱਲ 1,701 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ।

ਗ੍ਰਹਿ ਮੰਤਰੀ ਮੁਤਾਬਕ ਕੋਰੋਨਾ ਸਬੰਧੀ ਪਾਬੰਦੀਆਂ ਲਾਉਣ ਦੇ ਅਧਿਕਾਰ ਸੂਬਿਆਂ ਨੂੰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਰੇ ਸੂਬਿਆਂ ਦੀ ਸਥਿਤੀ ਵੱਖਰੀ ਹੈ ਅਤੇ ਕੋਰੋਨਾ ਖ਼ਿਲਾਫ਼ ਜੰਗ ਲੜਨ ਲਈ ਹਰ ਸੂਬੇ ਨੂੰ ਆਪਣੇ ਹਿਸਾਬ ਨਾਲ ਖ਼ੁਦ ਫ਼ੈਸਲਾ ਲੈਣਾ ਹੋਵੇਗਾ। ਇਸ ਲਈ ਕੇਂਦਰ ਸਰਕਾਰ ਸੂਬਿਆਂ ਦੀ ਲੋੜੀਂਦੀ ਮੱਦਦ ਕਰਨ ਲਈ ਵਚਣਬੱਧ ਹੈ।