ਭ੍ਰਿਸ਼ਟਾਚਾਰ ਵਿਰੁਧ ਅਸਾਮ ਪੁਲਿਸ 'ਤੇ ਵਿਜੀਲੈਂਸ ਦੀ ਕਾਰਵਾਈ, GST ਅਧਿਕਾਰੀ 4 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਲਾਸ਼ੀ ਦੌਰਾਨ ਮੀਨਾਕਸ਼ੀ ਕਾਕਤੀ ਕਲੀਤਾ ਦੇ ਘਰੋਂ 65 ਲੱਖ ਰੁਪਏ ਤੋਂ ਵੱਧ ਨਕਦੀ ਬਰਾਮਦ

Minakshi Kakati Kalita was caught red-handed while accepting Rs. 4,000 as a part of the demanded bribe

ਅਸਾਮ: ਭ੍ਰਿਸ਼ਟਾਚਾਰ ਵਿਰੁਧ ਵਿੱਢੀ ਮੁਹਿੰਮ ਤਹਿਤ ਅਸਾਮ ਪੁਲਿਸ ਦੇ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਡਾਇਰੈਕਟੋਰੇਟ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸੂਬਾ ਜੀ.ਐਸ.ਟੀ. ਦਫ਼ਤਰ ਦੀ ਸਹਾਇਕ ਕਮਿਸ਼ਨਰ ਮੀਨਾਕਸ਼ੀ ਕਾਕਤੀ ਕਲਿਤਾ ਨੂੰ 4000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਦੇ ਘਰੋਂ 65 ਲੱਖ ਰੁਪਏ ਤੋਂ ਵੱਧ ਦੀ ਨਕਦੀ ਵੀ ਬਰਾਮਦ ਹੋਈ ਹੈ।

ਜਾਣਕਾਰੀ ਅਨੁਸਾਰ ਕਲਿਤਾ ਵਿਰੁਧ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਤੋਂ ਜੀ.ਐਸ.ਟੀ. ਔਨਲਾਈਨ ਫੰਕਸ਼ਨਾਂ ਨੂੰ ਮੁੜ ਸਰਗਰਮ ਕਰਨ ਲਈ 10,000 ਰੁਪਏ ਦੀ ਮੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ: ਟੈਲੀਫ਼ੋਨ ਤੇ ਮੋਬਾਈਲ ਫ਼ੋਨ ਮਨੁੱਖ ਨੂੰ ਪਾਗ਼ਲ ਕਰ ਕੇ ਛੱਡਣਗੇ

ਇਕ ਅਧਿਕਾਰੀ ਦੇ ਹਵਾਲੇ ਨਾਲ ਸਥਾਨਕ ਮੀਡੀਆ ਨੇ ਦਸਿਆ, “ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਵਾਲੀ ਅਧਿਕਾਰੀ ਵਿਰੁਧ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਲਈ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਡਾਇਰੈਕਟੋਰੇਟ ਕੋਲ ਪਹੁੰਚ ਕੀਤੀ। ਇਸੇ ਤਹਿਤ ਗੁਹਾਟੀ ਦੇ ਕਰ ਭਵਨ ਵਿਖੇ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਟੀਮ ਵਲੋਂ ਜਾਲ ਵਿਛਾਇਆ ਗਿਆ ਅਤੇ ਉਕਤ ਅਧਿਕਾਰੀ ਨੂੰ ਸ਼ਿਕਾਇਤਕਰਤਾ ਤੋਂ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।”

ਦੱਸ ਦੇਈਏ ਕਿ ਵਿਜੀਲੈਂਸ ਵਿਭਾਗ ਦੀ ਟੀਮ ਨੇ ਗ੍ਰਿਫ਼ਤਾਰੀ ਤੋਂ ਬਾਅਦ ਤਲਾਸ਼ੀ ਦੌਰਾਨ ਕਲਿਤਾ ਦੇ ਘਰੋਂ 65,37,500 ਰੁਪਏ ਬਰਾਮਦ ਕੀਤੇ। ਉਸ ਵਿਰੁਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।