ਗਊ ਤਸਕਰੀ ਦੇ ਦੋਸ਼ ’ਚ 60 ਸਾਲ ਦੇ ਵਿਅਕਤੀ ਨੂੰ ਨੰਗਾ ਕਰ ਕੇ ਮੋਟਰਸਾਈਕਲ ਨਾਲ ਬੰਨ੍ਹ ਕੇ ਘਸੀਟਿਆ
ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ’ਚ ਵਾਪਰੀ ਘਟਨਾ
ਗੜ੍ਹਵਾ: ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ’ਚ ਗਊ ਤਸਕਰੀ ਦੇ ਸ਼ੱਕ ’ਚ ਤਿੰਨ ਵਿਅਕਤੀਆਂ ਨੇ ਇਕ 60 ਸਾਲ ਦੇ ਵਿਅਕਤੀ ਨੂੰ ਕਥਿਤ ਤੌਰ ’ਤੇ ਨੰਗਾ ਕਰ ਕੇ ਮੋਟਰਸਾਈਕਲ ਨਾਲ ਬੰਨ੍ਹ ਦਿਤਾ ਅਤੇ ਘਸੀਟਿਆ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਇਹ ਘਟਨਾ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਕਰੀਬ 275 ਕਿਲੋਮੀਟਰ ਦੂਰ ਅਮੋਰਾ ਪਿੰਡ ਨੇੜੇ ਵਾਪਰੀ। ਸ਼ੁਕਰਵਾਰ ਦੁਪਹਿਰ ਨੂੰ ਸਰਸਵਤੀ ਰਾਮ ਨਾਂ ਦਾ ਵਿਅਕਤੀ ਅਪਣੇ ਪਸ਼ੂਆਂ ਨਾਲ ਬੰਸ਼ੀਧਰ ਨਗਰ ਉਨਟਾਰੀ ਜਾ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ।
ਬੰਸ਼ੀਧਰ ਨਗਰ ਉਨਟਾਰੀ ਦੇ ਸਬ-ਡਵੀਜ਼ਨਲ ਪੁਲਿਸ ਅਧਿਕਾਰੀ (ਐਸ.ਡੀ.ਪੀ.ਓ.) ਸਤੇਂਦਰ ਨਰਾਇਣ ਸਿੰਘ ਨੇ ਕਿਹਾ ਕਿ ਇਸ ਸਬੰਧ ’ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਐਫ.ਆਈ.ਆਰ. ਅਨੁਸਾਰ, ਤਿੰਨ ਵਿਅਕਤੀਆਂ ਦੀ ਪਛਾਣ ਰਾਹੁਲ ਦੂਬੇ, ਰਾਜੇਸ਼ ਦੂਬੇ ਅਤੇ ਕਾਸ਼ੀਨਾਥ ਭੁਈਆਂ ਵਜੋਂ ਹੋਈ ਹੈ, ਜੋ ਮੋਟਰਸਾਈਕਲ ’ਤੇ ਸਵਾਰ ਸਨ। ਉਨ੍ਹਾਂ ਨੇ ਬਜ਼ੁਰਗ ਵਿਅਕਤੀ ਨੂੰ ਰੋਕਿਆ ਅਤੇ ਉਸ ’ਤੇ ਗਊ ਤਸਕਰੀ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ।
ਉਨ੍ਹਾਂ ਨੇ ਬਜ਼ੁਰਗ ਨੂੰ ਨੰਗਾ ਕਰ ਦਿਤਾ ਅਤੇ ਉਸ ਨੂੰ ਮੋਟਰਸਾਈਕਲ ਨਾਲ ਬੰਨ੍ਹ ਦਿਤਾ। ਰਾਮ ਨੇ ਐਫ.ਆਈ.ਆਰ. ’ਚ ਕਿਹਾ, ‘‘ਉਨ੍ਹਾਂ ਨੇ ਮੈਨੂੰ ਕੁੱਝ ਦੂਰ ਤਕ ਘਸੀਟਿਆ ਅਤੇ ਮੈਨੂੰ ਸੜਕ ’ਤੇ ਛੱਡ ਕੇ ਭੱਜ ਗਏ।’’ ਬਜ਼ੁਰਗ ਨੂੰ ਇਲਾਜ ਲਈ ਬੰਸ਼ੀਧਰ ਨਗਰ ਉਨਟਾਰੀ ਸਬ-ਡਵੀਜ਼ਨਲ ਹਸਪਤਾਲ ਲਿਆਂਦਾ ਗਿਆ। ਐਸ.ਡੀ.ਪੀ.ਓ. ਨੇ ਦਸਿਆ ਕਿ ਕਾਸ਼ੀਨਾਥ ਭੁਈਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।